Punjab

ਬਾਗ਼ਬਾਨੀ `ਚ ਸੁਧਾਰ ਲਈ ਇਜ਼ਰਾਈਲੀ ਤਕਨੀਕ ਅਪਣਾਵਾਂਗੇ: ਰਾਣਾ ਗੁਰਜੀਤ ਸਿੰਘ

ਚੰਡੀਗੜ੍ਹ – ਪੰਜਾਬ `ਚ ਬਾਗ਼ਬਾਨੀ ਦੇ ਖੇਤਰ `ਚ ਸੁਧਾਰ ਲਿਆਉਣ ਲਈ ਇਜ਼ਰਾਈਲ ਦੀ ਨਵੀਨਤਮ ਤਕਨੀਕ ਨੂੰ ਅਪਣਾਵਾਂਗੇ ਤਾਂ ਜੋ ਪਾਣੀ ਘੱਟ ਵਰਤੋਂ ਕਰਕੇ ਵੀ ਫ਼ਸਲਾਂ/ਸ਼ਬਜੀਆਂ ਦਾ ਭਰਪੂਰ ਝਾੜ ਹਾਸਲ ਕੀਤਾ ਜਾ ਸਕੇ।ਪੰਜਾਬ ਦੇ ਬਾਗ਼ਬਾਨੀ ਅਤੇ ਭੂਮੀ ਅਤੇ ਪਾਣੀ ਸੰਭਾਲ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਅੱਜ ਇੱਥੇ ਸੈਕਟਰ 26 ਸਥਿਤ ਮੈਗਸੀਪਾ ਸੰਸਥਾ ਵਿਖੇ ਇਜ਼ਰਾਈਲ ਦੇ ਬਾਗ਼ਬਾਨੀ ਮਾਹਿਰਾਂ ਨਾਲ ਵਿਚਾਰ-ਵਟਾਂਦਰੇ ਮਗਰੋਂ ਦੱਸਿਆ ਕਿ ਇਜ਼ਰਾਈਲ ਵਿੱਚ ਪਾਣੀ ਦੇ ਸਰੋਤ ਨਾ ਮਾਤਰ ਹੋਣ ਦੇ ਬਾਵਜੂਦ ਘੱਟ ਤੋਂ ਘੱਟ ਪਾਣੀ ਦੀ ਵਰਤੋਂ ਕਰਕੇ ਵੱਧ ਤੋਂ ਵੱਧ ਕੁਆਲਿਟੀ ਪੈਦਾਵਾਰ `ਤੇ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਬਾਗ਼ਬਾਨੀ ਦੀਆਂ ਨਵੀਂਆਂ ਤਕਨੀਕਾਂ ਅਪਣਾਉਣ ਵਿੱਚ ਇਜ਼ਰਾਈਲ ਵਿਸ਼ਵ ਭਰ ਵਿੱਚ ਮੋਹਰੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਇਜ਼ਰਾਈਲ ਦੀ ਤਕਨੀਕ ਨਾਲ ਚੱਲ ਰਹੇ ਸੈਂਟਰ ਬਾਗਬਾਨੀ ਫਸਲਾਂ ਦੀ ਕੁਆਲਿਟੀ ਪੈਦਾਵਾਰ ਵਿੱਚ ਸਹਾਈ ਹੋ ਰਹੇ ਹਨ। ਇਸ ਲਈ ਇਸ ਤਕਨਾਲੌਜੀ ਨੂੰ ਬਾਗਬਾਨੀ ਦੇ ਖੇਤਰ ਵਿੱਚ ਬਾਕੀ ਫਸਲਾਂ ਲਈ ਵੀ ਲਾਗੂ ਕਰਨ ਲਈ ਵਿਭਾਗ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ।ਬਾਗ਼ਬਾਨੀ ਮੰਤਰੀ ਨੇ ਕਿਹਾ ਕਿ ਅਜੋਕੇ ਸਮੇਂ ਜਦੋਂ ਹਰ ਦੇਸ਼ ਪਾਣੀ ਦੀ ਕੁਆਲਿਟੀ ਅਤੇ ਪਾਣੀ ਦੇ ਘਟਦੇ ਪੱਧਰ ਬਾਰੇ ਚਿੰਤਤ ਹੈ ਅਤੇ ਨਵੀਂਆਂ ਤਕਨੀਕਾਂ ਅਪਣਾ ਰਿਹਾ ਹੈ ਤਾਂ ਪੰਜਾਬ ਵੀ ਨਵੀਂਆਂ ਤਕਨੀਕਾਂ ਅਪਣਾ ਕੇ ਬਾਗ਼ਬਾਨੀ ਖੇਤਰ `ਚ ਅਗਾਂਹ ਵਧਣ ਦੀ ਕੋਸਿ਼ਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਨਵੀਂਆਂ ਤਕਨੀਕਾਂ ਪ੍ਰਤੀ ਜਾਗਰੂਕ ਕਰਨ ਅਤੇ ਵਧੇਰੇ ਲਾਭ ਪ੍ਰਾਪਤ ਕਰਨ `ਤੇ ਜ਼ੋਰ ਦਿੱਤਾ।ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਇਜ਼ਰਾਈਲੀ ਤਕਨੀਕ ਨਾਲ ਕਰਤਾਰਪੁਰ (ਜਲੰਧਰ) ਵਿਖੇ ਸਾਲ 2013 ਵਿੱਚ ਅਤੇ ਖਨੌੜਾ (ਹੁਸ਼ਿਆਰਪੁਰ) ਵਿਖੇ ਸਾਲ 2014 `ਚ ਦੋ ਸੈਂਟਰ ਸਥਾਪਤ ਕੀਤੇ ਗਏ ਸਨ। ਕਰਤਾਰਪੁਰ ਵਿਖੇ ਸਬਜੀਆਂ ਦੀ ਕਾਸ਼ਤ ਨੂੰ ਪ੍ਰੋਟੈਕਟਿਡ ਹਾਲਤਾਂ ਵਿੱਚ ਕਰਨ ਸਬੰਧੀ ਵੱਖ-ਵੱਖ ਤਰ੍ਹਾਂ ਦੇ ਸਟਰੱਕਚਰ ਸਥਾਪਿਤ ਕੀਤੇ ਗਏ ਹਨ। ਇਸ ਸੈਂਟਰ ਵਿੱਚ ਹੁਣ ਤਕ ਲਗਭਗ 150 ਲੱਖ ਵੱਖ-ਵੱਖ ਸਬਜ਼ੀਆਂ ਦੀਆਂ ਪਨੀਰੀਆਂ ਤਿਆਰ ਕਰਕੇ ਲਗਭਗ 7000 ਕਿਸਾਨਾਂ ਨੂੰ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ। ਇੱਥੇ ਲਗਭਗ 1000 ਕਿਸਾਨਾਂ ਨੂੰ ਸੁਰੱਖਿਅਤ ਖੇਤੀ ਸਬੰਧੀ 27 ਟ੍ਰੇਨਿੰਗਾਂ ਦਿੱਤੀਆਂ ਜਾ ਚੁੱਕੀਆਂ ਹਨ। ਸਬਜ਼ੀਆਂ ਦੀਆਂ ਪਨੀਰੀਆਂ ਬੜੇ ਹੀ ਵਾਜ਼ਿਬ ਰੇਟਾਂ ਤੇ ਕਿਸਾਨਾਂ ਦੇ ਖੇਤਾਂ ਤੱਕ ਪਹੁੰਚਾਈਆਂ ਜਾਂਦੀਆਂ ਹਨ।ਬੇਮੌਸਮੀ ਹਾਈ ਵੈਲਯੂ ਸਬਜ਼ੀਆਂ ਜਿਵੇਂ ਕਿ ਨੈੱਟ ਹਾਊਸ ਵਿੱਚ ਖਰਬੂਜਾ ਅਤੇ ਘੱਟ ਬੀਜ ਵਾਲਾ ਤਰਬੂਜ ਅਤੇ ਹੋਰ ਵਿਦੇਸ਼ੀ ਸ਼ਬਜੀਆਂ, ਜਿਨ੍ਹਾਂ ਦੀ ਬਾਜ਼ਾਰ ਵਿੱਚ ਕਾਫੀ ਮੰਗ ਹੈ, ਕਿਸਾਨਾਂ ਵੱਲੋਂ ਬੜੀ ਤੇਜ਼ੀ ਨਾਲ ਅਪਣਾਈਆਂ ਜਾ ਰਹੀਆਂ ਹਨ।ਉਨ੍ਹਾਂ ਦੱਸਿਆ ਕਿ ਖਨੌੜਾ ਵਿਖੇ ਫਲਾਂ ਦੇ ਕਾਸ਼ਤ ਸਬੰਧੀ ਇਜ਼ਰਾਈਲ ਦੀ ਉੱਚ ਤਕਨੀਕ ਅਪਣਾਈ ਜਾ ਰਹੀ ਹੈ। ਇਸ ਸੈਂਟਰ ਵਿਖੇ 12 ਮਿੱਠੇ ਸੰਗਤਰੇ ਅਤੇ 8 ਨਾਰੰਗੀ ਸੰਗਰਤੇ ਦੀਆਂ ਕਿਸਮਾਂ ਨੂੰ ਵੱਖ ਵੱਖ ਰੂਟ ਸਟਾਕ `ਤੇ ਲਗਾ ਕੇ ਤਿਆਰ ਕੀਤਾ ਜਾ ਰਿਹਾ ਹੈ।ਇਸ ਸੈਂਟਰ ਵਿੱਚ ਹੁਣ ਤੱਕ ਲਗਭਗ 1,50,000 ਕਿੰਨੂ ਅਤੇ ਹੋਰ ਨਿੰਬੂ ਜਾਤੀ ਫਲਾਂ ਦੇ ਮਿਆਰੀ ਕਿਸਮ ਦੇ ਬਿਮਾਰੀ ਰਹਿਤ ਬੂਟੇ ਹਾਈਟੈਕ ਨਰਸਰੀ ਵਿੱਚ ਤਿਆਰ ਕਰਕੇ ਕਿਸਾਨਾਂ ਨੂੰ ਮੁਹੱਈਆ ਕਰਵਾਏ ਗਏ। ਇਸ ਸੈਂਟਰ ਤੇ ਹੁਣ ਤੱਕ ਲਗਭਗ 800 ਕਿਸਾਨਾਂ ਨੂੰ ਬਾਗਬਾਨੀ ਦੀਆਂ ਨਵੀਆਂ ਤਕਨੀਕਾਂ ਸਬੰਧੀ 32 ਟ੍ਰੇਨਿੰਗਾਂ ਦਿੱਤੀਆਂ ਜਾ ਚੁੱਕੀਆਂ ਹਨ।ਇਜ਼ਰਾਈਲੀ ਬਾਗ਼ਬਾਨੀ ਮਾਹਿਰ ਸ੍ਰੀ ਯਾਇਰ ਏਸ਼ਲ ਨੇ ਕਿਹਾ ਕਿ ਪੰਜਾਬ ਅਤੇ ਇਜ਼ਰਾਈਲ ਬਾਗ਼ਬਾਨੀ ਦੇ ਖੇਤਰ `ਚ ਪਹਿਲਾਂ ਹੀ ਇੱਕਠੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ `ਚ ਇੰਡੋ-ਇਜ਼ਰਾਈਲ ਵਰਕ ਪਲਾਨ ਤਹਿਤ ਦੋ ਸੈਂਟਰਜ਼ ਆਫ ਐਕਸੀਲੈਂਸ, ਸੈਂਟਰ ਆਫ ਐਕਸੀਲੈਂਸ ਫਾਰ ਵੈਜੀਟੇਬਲਜ਼, ਕਰਤਾਰਪੁਰ, ਜਿਲ੍ਹਾ ਜਲੰਧਰ ਅਤੇ ਸੈਂਟਰ ਆਫ ਐਕਸੀਲੈਂਸ ਫਾਰ ਫਰੂਟਸ (ਸਿਟਰਸ), ਖਨੌੜਾ, ਜਿਲ੍ਹਾ ਹੁਸ਼ਿਆਰਪੁਰ ਸਫ਼ਲਤਾਪੂਰਬਕ ਕੰਮ ਕਰ ਰਹੇ ਹਨ।ਇਸ ਮੌਕੇ ਸ੍ਰੀਮਤੀ ਸੀਮਾ ਜੈਨ ਵਧੀਕ ਮੁੱਖ ਸਕੱਤਰ (ਬਾਗਬਾਨੀ), ਸ. ਗਗਨਦੀਪ ਸਿੰਘ ਬਰਾੜ ਸਕੱਤਰ ਬਾਗਬਾਨੀ, ਸ੍ਰੀ ਮਨਦੀਪ ਬਰਾੜ ਮੈਨੇਜਿੰਗ ਡਾਇਰੈਕਟਰ ਪੰਜਾਬ ਖੇਤੀ ਉਦਯੋਗ ਨਿਗਮ, ਸ੍ਰੀ ਰਾਜੇਸ਼ ਵਸਿ਼ਸ਼ਟ ਮੁੱਖ ਭੂਮੀ ਪਾਲ, ਸ. ਬਲਵਿੰਦਰ ਸਿੰਘ ਸਿੱਧੂ ਕਮਿਸ਼ਨਰ ਖੇਤੀਬਾੜੀ ਪੰਜਾਬ, ਸ੍ਰੀਮਤੀ ਸ਼ੈਲਿੰਦਰ ਕੌਰ ਡਾਇਰੈਕਟਰ ਬਾਗਬਾਨੀ ਪੰਜਾਬ ਅਤੇ ਬਾਗਬਾਨੀ ਨਾਲ ਵੱਖ-ਵੱਖ ਫਸਲਾਂ ਦੇ ਨੋਡਲ ਅਫਸਰ ਸ਼ਾਮਲ ਸਨ।

Related posts

ਹਰੀਸ਼ ਰਾਵਤ ਨੇ ਮੰਨਿਆ, ਪੰਜਾਬ ਕਾਂਗਰਸ ’ਚ ਸਭ ਕੁਝ ਠੀਕ ਨਹੀਂ -ਹਰੀਸ਼ ਰਾਵਤ

editor

ਪੰਜਾਬ ਦੇ ਇਕ ਮਾਮਲੇ ’ਚ ਹਾਈ ਕੋਰਟ ਦਾ ਅਨੋਖਾ ਫ਼ੈਸਲਾ, ਪਟੀਸ਼ਨਰ ਨੂੰ 75 ਪੌਦੇ ਲਾਉਣ ਦਾ ਦਿੱਤੇ ਆਦੇਸ਼

editor

CM ਚੰਨੀ ਦਾ ਭੰਗੜਾ, PTU ‘ਚ ਮੁੱਖ ਮੰਤਰੀ ਨੇ ਮੰਚ ‘ਤੇ ਕਲਾਕਾਰਾਂ ਨਾਲ ਪਾਈਆਂ ਧਮਾਲਾਂ

editor