Articles Pollywood

ਪੰਜਾਬੀ ਗਾਇਕੀ ਨੂੰ ਨਵਾਂ ਰੰਗ ਚਾੜ੍ਹਨ ਵਾਲਾ ਕਲੀਆਂ ਦਾ ਬਾਦਸ਼ਾਹ ਕੁਲਦੀਪ ਮਾਣਕ !

ਲੇਖਕ: ਸੁਖਵਿੰਦਰ ਸਿੰਘ ਮੁੱਲਾਂਪੁਰ, ਮੈਲਬੌਰਨ

ਜਿਸ ਟਾਇਮ ਦੋਗਾਣਾ ਗਾਇਕੀ ਦਾ ਦੌਰ ਪੂਰੇ ਜੋਬਨ ਤੇ ਚਲਦਾ ਸੀ ਉਸ ਟਾਇਮ ਕਲੀਆਂ ਅਤੇ ਲੋਕ ਗਥਾਵਾਂ ਵੱਲ ਸਰੋਤਿਆਂ ਦਾ ਮੁੱਖ ਮੋੜਨ ਵਾਲੇ ਗਾਇਕ ਕੁਲਦੀਪ ਮਾਣਕ ਦਾ ਜਨਮ 15 ਨਵੰਬਰ 1951 ਨੂੰ ਪਿੰਡ ਜਲਾਲ ਜਿਲ੍ਹਾ ਬਠਿੰਡਾ ਵਿਖੇ ਨਿੱਕਾ ਖ਼ਾਨ ਦੇ ਘਰ ਸ੍ਰੀ ਮਤੀ ਬਚਨ ਖ਼ਾਨ ਦੀ ਕੁਖੋਂ ਹੋਇਆ।  ਜਦ ਇਹ ਵੱਡਾ ਹੋਇਆ ਇਸ ਨੂੰ ਪਿੰਡ ਦੇ ਪ੍ਰਾਇਮਰੀ ਸਕੂਲ ਵਿਚ ਪੜ੍ਹਨ ਲਾ ਦਿੱਤਾ ਗਿਆ।ਇੱਕ ਦਿਨ ਸਕੂਲ ਵਿੱਚ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਆਏ। ਮਾਸਟਰ ਲਾਲ ਸਿੰਘ ਅਤੇ ਹੈਡਮਾਸਟਰ ਕਸ਼ਮੀਰਾ ਸਿੰਘ ਵਲਟੋਹਾ ਦੀ ਹੱਲਾ ਸ਼ੇਰੀ ਸਦਕਾ ਕੁਲਦੀਪ ਮਾਣਕ ਨੇ ਮੁੱਖ ਮੰਤਰੀ ਨੂੰ ਗੀਤ ਸੁਣਾ ਦਿੱਤਾ

‘ਜੱਟਾ ਓ ਸੁਣ ਭੋਲਿਆ ਜੱਟਾ
ਤੇਰੇ ਸਿਰ ਵਿੱਚ ਪੈਂਦਾ ਘੱਟਾ
ਵਿਹਲੜ ਬੰਦੇ ਮੌਜਾਂ ਮਾਣਦੇ ‘
ਕੁਲਦੀਪ ਮਾਣਕ ਦਾ ਜਨਮ ਵੇਲੇ ਦਾ ਨਾਮ ਲਤੀਫ਼ ਮੁਹੰਮਦ ਖ਼ਾਨ ਸੀ ਮੁੱਖ ਮੰਤਰੀ ਨੇ ਇਸ ਗੀਤ ਤੋਂ ਖੁਸ਼ ਹੋ ਕੇ ਮਾਣਕ ਦਾ ਖ਼ਿਤਾਬ ਦੇ ਦਿੱਤਾ।ਇਹ 5 ਜਮਾਤਾਂ ਹੀ ਪਾਸ ਸੀ ਅਤੇ 6 ਵੀ ਜਮਾਤ ਵਿਚੋਂ ਪੜ੍ਹਨੋ ਹਟ ਗਿਆ।
ਕੁਲਦੀਪ ਮਾਣਕ ਪਿੰਡ ਵਿੱਚ ਬਣੇ ਸੰਤ ਕਰਨੈਲ ਦਾਸ ਬਿਬੇਕ ਆਸ਼ਰਮ ਵਿਚ ਪੱਕੇ ਤੌਰ ਤੇ ਰਹਿਣ ਲੱਗ ਪਿਆ ਉੱਥੇ ਹੀ ਸੰਤਾਂ ਨੇ ਡੇਰੇ ਦਾ ਪਹਿਰਾਵਾ ਪਵਾ ਕੇ ਥਾਪੜਾ ਦੇ ਦਿੱਤਾ ਸੀ ਇਸ ਦਾ ਨਾਮ ਕੁਲਦੀਪ ਰੱਖ ਦਿੱਤਾ ਉਹਨਾਂ ਕਿਹਾ ਇਹ ਕੁੱਲ ਦਾ ਦੀਪ ਹੈ ਇਹ ਜਿੱਧਰ ਵੀ ਜਾਵੇਗਾ ਉੱਧਰ ਹੀ ਚਾਨਣ ਬਖੇਰੇਗਾ! ਇਸ ਕਰਕੇ ਇਹ ਕੁਲਦੀਪ ਮਾਣਕ ਬਣ ਗਿਆ।ਕੁਲਦੀਪ ਮਾਣਕ ਕੁੱਝ ਸਮਾ ਆਸ਼ਰਮ ਵਲੋਂ ਲੋਕਾਂ ਦੇ ਘਰਾਂ ਵਿੱਚ ਪ੍ਰੋਗਰਾਮਾਂ ਤੇ ਵੀ ਜਾਂਦਾ ਰਿਹਾ। ਗੀਤਕਾਰ ਕਰਨੈਲ ਜਲਾਲ ਨੇ ਕੁਲਦੀਪ ਮਾਣਕ ਦੀ ਆਵਾਜ਼ ਵੇਖ ਕੇ ਇਸ ਨੂੰ ਗਾਇਕੀ ਦੇ ਖੇਤਰ ਵੱਲ ਪ੍ਰੇਰਿਤ ਕੀਤਾ। ਕੁਲਦੀਪ ਮਾਣਕ ਸੰਤਾ ਤੋਂ ਅਸ਼ੀਰਵਾਦ ਲੈ ਕੇ ਗਾਇਕੀ ਵੱਲ ਕੁੱਦ ਪਿਆ।
1965 ਵਿੱਚ ਜਦ ਕੁਲਦੀਪ ਮਾਣਕ ਦੀ ਉਮਰ 15 ਕੁ ਸਾਲ ਸੀ ਤਾਂ ਇਹ ਪਿੰਡ ਤੋਂ ਦੋ ਜਾਣੇ ਆਪਣੇ ਘਰਦਿਆਂ ਨਾਲ ਗੁੱਸੇ ਹੋ ਕੇ ਆਪਣੀ ਰਿਸ਼ਤੇਦਾਰੀ ਵਿੱਚ, ਗੀਤਕਾਰ ਅਤੇ ਸਾਹਿਤਕਾਰ ਅਮਰੀਕ ਸਿੰਘ ਤਲਵੰਡੀ ਦੇ ਪਿੰਡ ਤਲਵੰਡੀ ਕਲਾਂ (ਲੁਧਿਆਣਾ) ਵਿਖੇ ਚਲੇ ਗਏ। ਅਮਰੀਕ ਤਲਵੰਡੀ ਨੇ ਕਿਹਾ ਮੈਨੂੰ ਸਾਡੇ ਪਿੰਡ ਦੇ ਸੱਜਣ ਸਿੰਘ ਨੇ ਦੱਸਿਆ ਸਾਡੇ ਘਰ ਦੋ ਮੁੰਡੇ ਆਏ ਹਨ ਉਹਨਾਂ ਵਿਚੋ ਇੱਕ ਵਧੀਆ ਗਾ ਲੈਂਦਾ ਹੈ ਅਮਰੀਕ ਤਲਵੰਡੀ ਨੂੰ ਵੀ ਗਾਉਣ ਦਾ ਸ਼ੌਕ ਸੀ ਉਸ ਕਿਹਾ ਮੇਰੇ ਘਰ ਵਿਚ ਸ਼ੌਕ ਵਜੋਂ ਤੁੰਬੀ ਰੱਖੀ ਹੋਈ ਹੈ ਮੈਂ ਉਹ ਲੈ ਕੇ ਆਉਂਦਾ ਹਾਂ। ਅਮਰੀਕ ਤਲਵੰਡੀ ਨੇ ਮਾਣਕ ਤੋਂ ਤੂੰਬੀ ਨਾਲ ਗੀਤ ਸੁਣ ਕੇ ਉਸ ਦੇ ਨਾਮਬਰ ਗਾਇਕ ਬਣਨ ਦੀ ਪੁਸ਼ਟੀ ਕਰ ਦਿੱਤੀ ਜੋ ਸੱਚ ਹੋ ਨਿਬੜੀ!
ਕੁਲਦੀਪ ਮਾਣਕ ਦਾ ਵਿਆਹ ਸਰਬਜੀਤ ਕੌਰ ਨਾਲ ਹੋਇਆ।ੳੁਸ ਦੇ ਦੋ ਬੱਚੇ ਯੁਧਵੀਰ ਮਾਣਕ (ਬੇਟਾ) ਸ਼ਕਤੀ ਮਾਣਕ (ਬੇਟੀ) ਹੈ।
ਕੁਲਦੀਪ ਮਾਣਕ ਨੇ ਖੁਸ਼ੀ ਮੁਹੰਮਦ ਕਵਾਲ ਨੂੰ ਸੰਗੀਤ ਸਿਖਣ ਲਈ ਗੁਰੂ ਧਾਰਨ ਕੀਤਾ ਫਿਰ ਜੈਤੋ ਵਾਲੇ ਤਾਰੀ ਦੇ ਸੰਪਰਕ ਵਿੱਚ ਆ ਗਿਆ ਤਾਰੀ ਨੇ ਨਾਮਵਰ ਗਾਇਕ ਹਰਚਰਨ ਗਰੇਵਾਲ ਦੀ ਪਾਰਟੀ ਵਿੱਚ ਫਿੱਟ ਕਰਵਾ ਦਿੱਤਾ ਸੀ।
1969 ਵਿੱਚ ਕੁਲਦੀਪ ਮਾਣਕ ਦੇ ਪਹਿਲੇ ਦੋ ਗੀਤ (ਦੋਗਾਣੇ) ਕੋਲੰਬੀਆ ਕੰਪਨੀ ਵਿਚ ਰਿਕਾਰਡ ਹੋਏ। ਇਹ ਗੀਤ ਸੁਰਿੰਦਰ ਸੀਮਾ ਨਾਲ ਗਾਏ ਸਨ ਜਦੋ ਰਿਕਾਡਿੰਗ ਦਾ ਪਤਾ ਹਰਚਰਨ ਗਰੇਵਾਲ ਨੂੰ ਲੱਗਿਆ ਤਾਂ ਉਸ ਨੇ ਕੁਲਦੀਪ ਮਾਣਕ ਨੂੰ ਬਹਤ ਅੱਪ ਸ਼ਬਦ ਬੋਲਦਿਆਂ ਕਿਹਾ ਇਹ ਗੀਤ ਤੂੰ ਮੈਨੂੰ ਪੁੱਛੇ ਬਗੈਰ ਕਿਵੇਂ ਰਿਕਾਰਡ ਕਰਵਾ ਦਿੱਤੇ।ਪਰ ਮਾਣਕ ਉਸਤਾਦ ਦਾ  ਸਤਿਕਾਰ ਕਰਦਾ ਚੁੱਪ ਰਿਹਾ।
ਜਦ ਦੇਵ ਥਰੀਕੇ ਵਾਲੇ ਦੀ ਪਹਿਲੀ ਮਿਲਣੀ ਮਾਣਕ ਨਾਲ ਹੋਈ ਤਾਂ ਉਸ ਟਾਇਮ ਦੇਵ ਥਰੀਕੇ ਵਾਲੇ ਨਾਲ ਗੁਰਦਿਆਲ ਸਿੰਘ ਪੀ,ਟੀ ਆਈ ਪੜਾਉਂਦਾ ਸੀ। ਉਸ ਨੇ ਦੇਵ ਨੂੰ ਦੱਸਿਆ ਮੇਰੀ ਨਿਗ੍ਹਾ ਵਿੱਚ ਇੱਕ ਮੁੰਡਾ ਹੈ ਜੋ ਬਹੁਤ ਵਧੀਆ ਗਾ ਲੈਂਦਾ ਹੈ।ਦੇਵ ਨੇ ਮਿਲਣ ਲਈ ਖਾਹਿਸ਼ ਪ੍ਰਗਟ ਕਰ ਦਿੱਤੀ। ਦੇਵ ਥਰੀਕੇ ਵਾਲਾ, ਮਾਸਟਰ ਗੁਰਦਿਆਲ ਸਿੰਘ ਅਤੇ ਕੁਲਦੀਪ ਮਾਣਕ ਲੁਧਿਆਣੇ ਨਵੇ ਬੱਸ ਅੱਡੇ ਦੇ ਨੇੜੇ ਸੋਮੇ ਦੇ ਢਾਬੇ ਤੇ ਬੈਠ ਕੇ ਪੀਣ ਲੱਗ ਪਏ।ਢਾਬੇ ਤੇ ਮੁਹੰਮਦ ਸਦੀਕ ਦਾ ਮਸ਼ਹੂਰ ਗੀਤ ‘ਮਿੱਤਰਾ ਦੇ ਤਿਤਰਾਂ ਨੂੰ ਤਲੀਆਂ ਤੇ ਚੋਗ ਚਗਾਵਾਂ ‘ ਚੱਲ ਰਿਹਾ ਸੀ। ਜਦ ਦੇਵ ਥਰੀਕੇ ਵਾਲੇ ਨੂੰ ਦਾਰੂ ਦਾ ਸਰੂਰ ਹੋ ਗਿਆ ਤਾਂ ਮਾਣਕ ਨੂੰ ਕਹਿੰਦਾ ਮਾਣਕਾ ਅਵਾਜ਼ ਤੇਰੀ ਬੜੀ ਬੁਲੰਦ ਆ ਜੇ ਇਹਨੂੰ ਘੁਮੇਰ ਖਲਾ ਦੇਈਏ ਮਾਣਕ ਕਹਿੰਦਾ ਵੱਡੇ ਭਾਈ ਫਿਕਰ ਨਾਂ ਕਰ ਫੱਟੇ ਚੱਕਦੂੰ !
ਦੇਵ ਥਰੀਕੇ ਵਾਲੇ ਨੇ ਫਿਰ ਚਾਰ ਗੀਤ ਮਾਣਕ ਨੂੰ ਲਿਖ ਕੇ ਦਿੱਤੇ ਜੋ 1973  ਨੂੰ ਮਾਰਕੀਟ ਵਿੱਚ ਆਏ।
‘ਤੇਰੀ ਖਾਤਰ ਹੀਰੇ ਛੱਡ ਕੇ ਤਖ਼ਤ ਹਜ਼ਾਰੇ ਨੂੰ
‘ਜੈਮਲ ਫੱਤਾ’
ਉਹਨੇ ਮੌਤ ਨੂੰ ਵਾਜਾਂ ਮਾਰੀਆਂ
‘ਦੁੱਲਿਆ ਵੇ ਟੋਕਰਾ ਚੁਕਾਈ ਆਣ ਕੇ’
ਜਦ ਇਹ ਗੀਤ ਹਿਜ ਮਾਸਟਰ ਵਾਇਸ ਕੰਪਨੀ ਵਿੱਚ ਰਿਕਾਰਡ ਕਰਵਾੳਣ ਗਏ ਤਾਂ ਕੰਪਨੀ ਦਾ ਮਾਲਕ ਇਹ ਗੀਤ ਰਿਕਾਰਡ ਨਹੀ ਕਰਦਾ ਸੀ ਉਹ ਕਹਿੰਦਾ ਇਹ ਗੀਤ ਚੱਲਣੇ ਨਹੀ ਫਿਰ ਦੇਵ ਥਰੀਕੇ ਵਾਲੇ ਨੇ ਜ਼ੋਰ ਪਾ ਕੇ ਕਿਹਾ ਤੂੰ ਰਿਕਾਡਿੰਗ ਤਾਂ ਕਰ ਸਹੀ ਫਿਰ ਦੇਖੀ ਕੀ ਰਿਜ਼ਲਟ ਨਿਕਲਦਾ।
ਇਹ ਗੀਤ ਬਹੁਤ ਚੱਲੇ ਇਸ ਰਿਕਾਰਡ ਦੀ ਇਤਨੀ ਵਿਕਰੀ ਹੋਈ ਕੰਪਨੀ ਦਾ ਮਾਲਕ, ਦੇਵ ਥਰੀਕੇ ਵਾਲਾ ਤੇ ਮਾਣਕ ਹੈਰਾਨ ਰਹਿ ਗਏ।
ਹੀਰ ਰਾਝਾਂ, ਮਿਰਝਾ ਸਾਹਿਬਾਂ ਦੁੱਲਾ ਭੱਟੀ ਆਦਿ ਲੋਕ ਗਥਾਵਾਂ ਅਮਰ ਸਿੰਘ ਸੌਂਕੀ ਹੋਰੀ ਗਾਉਂਦੇ ਹੁੰਦੇ ਸਨ ਜਿਨਾਂ ਨੂੰ ਠੇਠ ਪੰਜਾਬੀ ਵਿੱਚ ਬੁੜਿਆਂ ਵਾਲੇ ਗੀਤ ਕਹਿੰਦੇ ਸਨ। ਇਹ ਗੀਤਾਂ ਨੂੰ ਵਿਆਹਾਂ ਦੇ ਪ੍ਰੋਗਰਾਮਾਂ ਵਿੱਚ ਦੇਰ ਰਾਤ ਨੂੰ ਲਾਇਆ ਜਾਂਦਾ ਸੀ। ਉਸ ਟਾਇਮ ਸਿਆਣੇ ਬੰਦਿਆਂ ਨੇ ਸੁਣਨ ਲੱਗ ਜਾਣਾ ਪਰ ਕੁਲਦੀਪ ਮਾਣਕ ਨੇ ਲੋਕ ਗਥਾਵਾਂ ਵਿੱਚ ਅਜਿਹਾ ਨਵਾਂ ਰੰਗ ਭਰਿਆ ਨੌਜਵਾਨ ਪੀੜ੍ਹੀ ਵੀ ਕਲੀਆਂ ਅਤੇ ਲੋਕ ਗਥਾਵਾਂ ਹੀ ਸੁਣਨ ਲਗ ਪਈ।
1974 ਵਿੱਚ ਫਿਰ ਗੀਤ ਆਏ
‘ਟਿੱਲੇ ਵਾਲਿਆ ਮਿਲਾਦੇ ਜੱਟੀ ਹੀਰ ਨੂੰ ਤੇਰਾ ਕਹਿੜਾ ਮੁੱਲ ਲੱਗਦਾ..
ਪਾ ਕੇ ਮੁੰਦਰਾਂ ਤੂੰ ਤੋਰ ਦੇ ਫ਼ਕੀਰ ਨੂੰ ‘ਅੱਲਾ ਤੇ ਸ਼ਮੱਲਾ ਤੇਰੀ ਜੁਗਨੀ ਸਾਈਂ ਮੇਰਿਆ ਤੇਰੀ ਜੁਗਨੀ ‘
ਕੁਲਦੀਪ ਮਾਣਕ ਦਾ 1976 ਵਿੱਚ ਪਹਿਲਾ ਲੌਂਗ ਪਲੇਅ ਰਿਕਾਰਡ ਮਾਰਕੀਟ ਵਿੱਚ ਆਇਆ ਜਿਸ ਦੇ ਕੁਝ ਗੀਤਾਂ ਦਾ ਵੇਰਵਾ
‘ਤੇਰੇ ਟਿੱਲੇ ਤੋਂ ਮੈਨੂੰ ਸੂਰਤ ਦੀਂਹਦੀਆ ਹੀਰ ਦੀ ਉਹ ਲੈ ਦੇਖ ਗੋਰਖਾ
ਉਡਦੀਆ ਫੁਲਕਾਰੀ
‘ਛੇਤੀ ਕਰ ਸਰਵਣ ਬੱਚਾ ਪਾਣੀ ਪਿਲਾਦੇ ਓੁਏ’
ਇਸ ਲੌਂਗ ਪਲੇਅ ਨੇ ਮਾਰਕੀਟ ਵਿੱਚ ਤਰਥੱਲੀ ਮੱਚਾ ਦਿੱਤੀ।
ਹਿਜ ਮਾਸਟਰ ਵਾਇਸ ਰਿਕਾਡਿੰਗ ਕੰਪਨੀ ਦਿੱਲੀ ਇੱਕ ਅਜਿਹੀ ਕੰਪਨੀ ਸੀ ਜਿਸ ਵਿੱਚ ਗੀਤ ਰਿਕਾਰਡ ਹੋਣ ਤੋਂ ਬਾਅਦ ਹੀ ਕਲਾਕਾਰ ਨੂੰ ਕਲਾਕਾਰ ਹੋਣ ਦੀ ਮਾਨਤਾ ਮਿਲਦੀ ਸੀ। ਇਸ ਕੰਪਨੀ ਵਿੱਚ ਰਿਕਾਡਿੰਗ ਕਰਵਾਉਣ ਲਈ ਲੰਬੀ ਉਡੀਕ ਕਰਨੀ ਪੈਂਦੀ ਸੀ। 1978 ਵਿੱਚ ਕੁਲਦੀਪ ਮਾਣਕ ਹਿਜ ਮਾਸਟਰ ਵਾਇਸ ਰਿਕਾਰਡਿੰਗ ਕੰਪਨੀ ਵਿੱਚ ਰਿਕਾਰਡਿੰਗ ਕਰਵਾਉਣ ਗਿਆ ਤਾਂ ਕਿਸੇ ਗੱਲੋ ਕੰਪਨੀ ਨਾਲ ਮਾਣਕ ਦਾ ਤਕਰਾਰ ਹੋ ਗਿਆ ਮਾਣਕ ਇਹ ਕੰਪਨੀ ਛੱਡ ਕੇ ਇੰਨਰੀਕੋ ਕੰਪਨੀ ਵਿੱਚ ਰਿਕਾਰਡਿੰਗ ਕਰਵਾ ਆਇਆ ਜੋ ਲੌਂਗ ਪਲੇਅ ਰਿਕਾਰਡ ਸੀ। ਉਸ ਤੇ ਬਾਰਾਂ ਗੀਤ ਸਨ
‘ਸਾਹਿਬਾ ਬਣੀ ਭਰਾਵਾਂ ਦੀ
‘ਰਾਝੇ ਦਾ ਪਟਕਾ ‘
ਕੇਹਰ ਸਿੰਘ ਦੀ ਮੌ ‘
ਟਿੱਲੇਵਾਲਿਆ ਮਿਲਾਦੇ ਜੱਟੀ ਹੀਰ ਨੂੰ ‘ ਆਦਿ ਗੀਤ ਸਨ। ਇਹ ਲੌਂਗ ਪਲੇਅ ਰਿਕਾਰਡ ਇਤਨਾਂ ਚੱਲਿਆ ਸਾਰੇ ਪਾਸੇ ਕਲੀਆਂ ਅਤੇ ਲੋਕ ਗਥਾਂਵਾਂ ਦਾ ਹੀ ਬੋਲ ਬਾਲਾ ਹੋ ਗਿਆ।
ਕੁਲਦੀਪ ਮਾਣਕ, ਦੇਵ ਦੇ ਪਿੰਡ ਥਰੀਕੇ ਰਹਿਣ ਲੱਗ ਪਿਆ ਸੀ ਫਿਰ ਉਸ ਟਾਇਮ ਦੇਵ ਥਰੀਕੇ ਵਾਲੇ ਦਾ ਲਿਖਿਆ ਮਾਣਕ  ਨੇ ਗੀਤ ਗਾਇਆ ‘ਉਹਦਾ ਪਿੰਡ ਥਰੀਕੇ ਵਾਲੜਾ ਜਿੱਥੇ ਵੱਸਦਾ ਮਾਣਕ ਯਾਰ ‘
ਮਾਣਕ ਚਾਹੇ ਪਿੰਡ ਛੱਡ ਕੇ ਲੁਧਿਆਣੇ ਰਹਿਣ ਲੱਗ ਪਿਆ ਸੀ ਪਰ ਉਸ ਨੇ ਪਿੰਡ ਦਾ ਮੋਹ ਨਹੀ ਛੱਡਿਆ ਸੀ। ਜਦ ਕੁਲਦੀਪ ਮਾਣਕ ਨੇ ਆਪਣੇ ਪਿੰਡ ਦੇ ਇਲਾਕੇ ਵਿੱਚ ਅਖਾੜਾ ਲਾਉਣ ਜਾਣਾ ਤਾਂ ਸੰਤ ਕਰਨੈਲ ਦਾਸ ਬਿਬੇਕ ਆਸ਼ਰਮ ਜਲਾਲ ਵਿਖੇ ਮੱਥਾ ਟੇਕ ਕੇ ਆਉਣਾ ਅਤੇ ਪਿੰਡ ਦੀ ਸੱਥ ਵਿੱਚ ਬਜੁਰਗਾਂ ਨਾਲ ਇੱਕ ਦੋ ਬਾਜੀਆਂ ਤਾਸ਼ ਦੀਆਂ ਲਾ ਕੇ ਜਾਣਾ ਅਤੇ ਹਾਸਾ ਮਜ਼ਾਕ ਕਰਕੇ ਜਾਣਾ ਇਸ ਕਰਕੇ ਕੁਲਦੀਪ ਮਾਣਕ ਪਿੰਡ ਵਾਸੀਆਂ ਲਈ ਹਰਮਨ ਪਿਆਰਾ ਸੀ।
ਕੁਲਦੀਪ ਮਾਣਕ ਨੇ ਕਲੀਆਂ ਅਤੇ ਲੋਕ ਕਥਾਵਾਂ ਤੋਂ ਬਿਨਾਂ ਦੋ-ਗਾਣੇ ਵੀ ਗਾਏ ਜੋ ਬਹੁਤ ਹਿੱਟ ਹੋਏ ਉਸ ਨੇ ਗੁਲਸ਼ਨ ਕੋਮਲ, ਪਰਮਿੰਦਰ ਸੰਧੂ, ਕੁਲਦੀਪ ਕੌਰ, ਸਤਿੰਦਰ ਬੀਬਾ, ਸੁਰਿੰਦਰ ਸੀਮਾ, ਪ੍ਰਕਾਸ਼ ਸੋਢੀ, ਅਮਰਜੋਤ, ਪ੍ਰਕਾਸ਼ ਸਿੱਧੂ, ਸੁਚੇਤ ਬਾਲਾ ਆਦਿ ਕਲਾਕਾਰਾਂ ਨਾਲ ਗੀਤ ਗਾਏ।
ਕੁਲਦੀਪ ਮਾਣਕ ਨੇ ਬਹੁਤ ਸਾਰੇ ਗੀਤਕਾਰਾਂ ਜਿਵੇ ਦੇਵ ਥਰੀਕੇ ਵਾਲਾ, ਅਮਰੀਕ ਤਲਵੰਡੀ, ਸਵਰਨ ਸਿਵੀਆ, ਪ੍ਰੀਤ ਮਹਿੰਦਰ ਤਿਵਾੜੀ, ਗਿੱਲ ਜੇਬੋ ਮਾਜਰੇ ਵਾਲਾ, ਚੰਨ ਗੁਰਾਇਆਂ ਵਾਲਾ, ਗੁਰਮਖ ਸਿੰਘ, ਸਨਮੁਖ ਸਿੰਘ ਅਜ਼ਾਦ, ਰਾਮ ਸਿੰਘ ਢਿਲੋ, ਬਾਬੂ ਸਿੰਘ ਮਾਨ, ਬਲਬੀਰ ਲਹਿਰਾ, ਸੇਵਾ ਸਿੰਘ ਨੋਰਥ, ਜੀਤ ਗੋਲੋ ਵਾਲੀਆ, ਦੇਬੀ ਮਖ਼ਸੂਸਪੁਰੀ, ਚਮਕੌਰ ਚਮਕ, ਕਰਨੈਲ ਜਲਾਲ, ਭੱਟੀ ਮਾੜ੍ਹੀ ਵਾਲਾ, ਜੱਗਾ ਗਿੱਲ, ਅਲਬੇਲ ਬਰਾੜ, ਬਚਨ ਬੇਦਿਲ, ਦਲੀਪ ਸਿੰਘ, ਜਲੌਰ ਸਿੰਘ ਸਿੱਧੂ, ਸਹੋਤਾ ਚੱਕ, ਦਲੀਪ ਕਣਕ ਵਾਲੀਆ, ਪਾਲੀ ਦੇਵਤਵਾਲੀਆ, ਹਰਬਖਸ਼ ਟਾਹਲੀ, ਆਦਿ ਗੀਤਕਾਰਾਂ ਦੇ ਗੀਤ ਗਾਏ।
ਕੁਲਦੀਪ ਮਾਣਕ ਨੇ ਬਹੁਤ ਸਾਰੇ ਧਾਰਿਕ ਗੀਤ ਗਾਏ
‘ਉੱਡਦੀ ਧੂੜ ਦਿੱਸਦੀ ਸਿੰਘ ਸੂਰਮੇ ਨਜ਼ਰ ਨਹੀ ਆਉਂਦੇ
‘ਲੈ ਕੇ ਕਲਗੀਧਰ ਤੋਂ ਥਾਪੜਾ ਦਿੱਤਾ ਚਰਨੀ ਸੀਸ ਨਿਭਾ’
ਹੁਣ ਸਰਕਾਰੇ ਨੀ ਪੰਜਾਬ ਵਿੱਚ ਖਾਲਸੇ ਦਾ ਰਾਜ ਹੋ ਗਿਆ
‘ਪਿਆ ਸੀਸ ਉੱਤੇ ਚਲਦਾ ਆਰਾ ਮੁੱਖੋਂ ਸਤਿਨਾਮ ਬੋਲਦ ‘
ਅਦਿ ਗੀਤ ਗਾਏ।
ਕੁਲਦੀਪ ਮਾਣਕ ਨੇ ਬਹੁਤ ਸਾਰੇ ਪ੍ਰੀਵਾਰਕ ਗੀਤ ਗਾਏ ਜੋ ਸਦਾ ਬਹਾਰ ਹੋ ਕੇ ਰਹਿ ਗਏ
‘ਮਾਂ ਹੁੰਦੀ ਆ ਮਾਂ ਓ ਦੁਨੀਆ ਵਾਲਿਓੁ
‘ਪੁੱਤਰਾਂ ਦੇ ਵਿਆਹਾਂ ਉੱਪਰ ਹੁੰਦਾਂ ਹੱਕ ਮਾਵਾਂ ਦਾ ਬਿਪਤਾ ਵਿੱਚ ਚੇਤਾ ਆਂਉਦਾ ਸਕਿਆਂ ਭਰਾਵਾਂ ਦਾ
‘ਮੈਂ ਚਾਦਰ ਕੱਢਦੀ ਨੀ
ਗਿਣ ਤੋਪੇ ਪਾਵਾਂ
ਜਾਮਣ ਦੀ ਛਾਂ ਹੇਠਾਂ ਨੀ
ਮੈਂ ਪੀੜ੍ਹਾ ਢਾਵਾਂ
‘ਇੱਕ ਵੀਰ ਦੇਈ ਵੇ ਰੱਬਾ
ਸੌਂਹ ਖਾਣ ਨੂੰ ਬੜਾ ਚਿੱਤ ਕਰਦਾ
ਭੈਣਾ ਭਾਵੇਂ ਲੱਖ ਜਿਉਂਦੀਆਂ
ਭਾਈਆਂ ਬਾਝ ਨਾਂ ਘਰਾਂ ਦੇ ਵਿੱਚ ਸਰਦਾ
ਕੁਲਦੀਪ ਮਾਣਕ ਨੇ ਫਿਲਮਾਂ ਵਿੱਚ ਪਰਦੇ ਪਿੱਛੇ ਗਾ ਕੇ ਨਾਮ ਕਮਾਇਆ ਜਿਵੇ ਸੈਦਾ ਜੋਗਣ, ਲੰਬੜਦਾਰਨੀ, ਸੋਹਣੀ ਮਹੀਂਵਾਲ, ਬਲਬੀਰੋ ਭਾਬੀ, ਵਿਹੜਾ ਲੰਬੜਾਂ ਦਾ, ਰੂਪ ਸ਼ਕੀਨਣ ਦਾ ਆਦਿ ਫਿਲਮਾਂ ਵਿੱਚ ਗਾਇਆ।
1996 ਦੀਆਂ ਲੋਕ ਸਭਾ ਚੋਣਾਂ ਵਿੱਚ ਕੁਲਦੀਪ ਮਾਣਕ ਨੇ ਬਠਿੰਡੇ ਦੀ ਰਿਜ਼ਰਵ ਸੀਟ ਤੋ ਚੋਣ ਲੜੀ ਪਰ ਜਿੱਤ ਨਾ ਸੱਕਿਆ।
ਕੁਲਦੀਪ ਮਾਣਕ ਕੁਝ ਸਮਾਂ ਬਿਮਾਰ ਰਹਿਣ ਪਿਛੋ 30 ਨਵੰਬਰ 2011 ਨੂੰ ਦੇਸ਼ ਵਿਦੇਸ਼ ਵਿੱਚ ਲੱਖਾਂ ਚਾਹੁਣ ਵਾਲੇ ਸਰੋਤਿਆਂ ਨੂੰ ਛੱਡ ਕੇ ਇਸ ਸੰਸਾਰ ਤੋਂ ਚਲਿਆ ਗਿਆ। ਬੜੇ ਅਫ਼ਸੋਸ ਵਾਲੀ ਗੱਲ ਹੈ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਵਾਰ ਗਾਉਣ ਵਾਲੇ ਨੂੰ ਜਿਸ ਦਿਨ ਸਪੁਰਦ-ਏ ਖ਼ਾਕ ਕਰਨਾਂ ਸੀ ਉਸ ਦਿਨ ਹੀ ਚਪੜਚਿੱੜੀ ਦੇ ਮੈਦਾਨ ਵਿੱਚ ਨਵੀਂ ਬਣੀ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਰ ਦਾ ਉਦਘਾਟਨ ਹੋਣਾ ਸੀ। ਕੁਲਦੀਪ ਮਾਣਕ ਦੇ ਮਿਰਤਕ ਸਰੀਰ ਨੂੰ ਲੁਧਿਆਣਾ ਤੋਂ ਉਸ ਦੇ ਪਿੰਡ ਜਲਾਲ ਲਿਜਾ ਕੇ ਉਸ ਦੇ ਪਿੰਡ ਦੀਆਂ ਕਬਰਾਂ (ਬਸ ਸਟੈਡ) ਨੇੜੇ ਦਫ਼ਨਾਇਆ ਗਿਆ। ਕੁਲਦੀਪ ਮਾਣਕ ਦੀ ਯਾਦ ਵਿੱਚ ਮਾਣਕ ਦਾ ਟਿੱਲਾ ਯਾਦਗਰ ਪਿੰਡ ਜਲਾਲਦੀਵਾਲ (ਲੁਧਿਆਣਾ) ਵਿਖੇ ਬਣੀ ਹੋਈ ਹੈ ਜਿਥੇ ਹਰ ਸਾਲ 30 ਨਵੰਬਰ ਨੂੰ ਮਾਣਕ ਦੀ ਯਾਦ ਵਿੱਚ ਮੇਲਾ ਲਗਦਾ ਹੈ। ਦੇਸ਼ਾਂ ਵਿਦੇਸ਼ਾਂ ਤੋ ਉਸ ਨੂੰ ਚਾਹੁੇਣ ਵਾਲੇ ਪੁਹੰਚਦੇ ਹਨ।

Related posts

ਪੰਜਾਬ ‘ਚ ਮੁੱਢਲੀ ਸਕੂਲੀ ਸਿੱਖਿਆ ਪ੍ਰਬੰਧਨ ‘ਤੇ ਉਠ ਰਹੇ ਸਵਾਲ

admin

ਹੱਸਦਾ ਰਾਵਣ . . . !

admin

ਮਹਾਰਾਜਾ ਖੜਕ ਸਿੰਘ ਦਾ ਦੁੱਖਦਾਈ ਅੰਤ

admin