Pollywood

‘ਮੂਸਾਜੱਟ’ ‘ਤੇ ਰੋਕ: ਸਿੱਧੂ ਦੀ ਪਹਿਲੀ ਫਿਲਮ ‘ਤੇ ਸੈਂਸਰ ਬੋਰਡ ਦੀ ਸਖ਼ਤੀ !

ਚੰਡੀਗੜ੍ਹ – ਸਿੱਧੂ ਮੁਸੇਵਾਲਾ ਇੱਕ ਵਾਰ ਫਿਰ ਚਰਚਾ ਦੇ ਵਿੱਚ ਹੈ ਅਤੇ ਇਸ ਵਾਰ ਉਹ ਕਿਸੇ ਗੀਤ ਕਰਕੇ ਨਹੀਂ ਬਲਕਿ ਆਪਣੀ ਰੀਲੀਜ਼ ਹੋਣ ਵਾਲੀ ਪਹਿਲੀ ਫਿਲਮ ਕਰਕੇ ਹੈ। ਪੰਜਾਬ ਦੇ ਚਰਚਿਤ ਗਾਇਕ ਸਿੱਧੂ ਮੁਸੇਵਾਲਾ ਦੀ ਪਹਿਲੀ ਫਿਲਮ ਹੀ ਵਿਵਾਦਾਂ ਦੇ ਵਿੱਚ ਘਿਰ ਗਈ ਹੈ ਅਤੇ ਸੈਂਸਰ ਬੋਰਡ ਨੇ ਉਸਦੀ ਪਹਿਲੀ ਫਿਲਮ ‘ਤੇ ਬਹੁਤ ਹੀ ਸਖਤ ਫੈਸਲਾ ਲਿਆ ਹੈ। ਨਾਮਵਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਬਤੌਰ ਹੀਰੋ ਪਹਿਲੀ ਪੰਜਾਬੀ ਫ਼ਿਲਮ ‘ਮੂਸਾ ਜੱਟ’ ਨੂੰ ਭਾਰਤੀ ਸੈਂਸਰ ਬੋਰਡ ਨੇ ਮਨਜ਼ੂਰੀ ਦੇਣ ਤੋਂ ਨਾਂਹ ਕਰ ਦਿੱਤੀ ਹੈ। ਇਹ ਫ਼ਿਲਮ ਦੋ ਦਿਨ ਬਾਅਦ 1 ਅਕਤੂਬਰ ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਣੀ ਸੀ। ਪਰ ਹੁਣ ਇਹ ਮਿਥੇ ਸਮੇਂ ਤੇ ਭਾਰਤ ਵਿੱਚ ਰਿਲੀਜ਼ ਨਹੀਂ ਹੋ ਸਕੇਗੀ। ਸੈਂਸਰ ਬੋਰਡ ਦੀ ਇਸ ਕਾਰਵਾਈ ਨੂੰ ਲੈ ਕੇ ਫ਼ਿਲਮ ਦੀ ਟੀਮ ਵੱਲੋਂ ਚੰਡੀਗੜ੍ਹ ਦੇ ਪ੍ਰੈਸ ਕਲੱਬ ਵਿਖੇ ਮੀਡੀਆ ਨਾਲ ਗੱਲਬਾਤ ਕੀਤੀ ਗਈ। ਇਸ ਮੌਕੇ ਫ਼ਿਲਮ ਦੇ ਨਿਰਮਾਤਾ ਰੂਪਾਲੀ ਗੁਪਤਾ, ਫ਼ਿਲਮ ਦੀ ਹੀਰੋਇਨ ਸਵਿਤਾਜ ਬਰਾੜ, ਅਦਾਕਾਰ ਭਾਨਾ ਸਿੱਧੂ, ਲੇਖਕ ਗੁਰਿੰਦਰ ਡਿੰਪੀ ਅਤੇ ਫ਼ਿਲਮ ਦੇ ਨਿਰਦੇਸ਼ਕ ਦਿਲਸ਼ੇਰ ਸਿੰਘ ਅਤੇ ਖੁਸ਼ਪਾਲ ਸਿੰਘ ਹਾਜ਼ਰ ਸੀ।

ਇਸ ਮੌਕੇ ਫ਼ਿਲਮ ਦੀ ਨਿਰਮਾਤਾ ਰੁਪਾਲੀ ਗੁਪਤਾ ਨੇ ਦੱਸਿਆ ਕਿ ਉਹ ਇਸ ਤੋਂ ਪਹਿਲਾਂ ਵੀ ਅੱਧੀ ਦਰਜਨ ਦੇ ਨੇੜੇ ਫ਼ਿਲਮਾਂ ਦਾ ਨਿਰਮਾਣ ਕਰ ਚੁੱਕੇ ਹਨ। ਉਨ੍ਹਾਂ ਦੀ ਇਹ ਫ਼ਿਲਮ ਜੋ ਫਰਾਈਡੇਅ ਰਸ਼ ਮੋਸ਼ਨ ਪਿਕਚਰ ਦੇ ਬੈਨਰ ਹੇਠ 1 ਅਕਤੂਬਰ ਨੂੰ ਰਿਲੀਜ਼ ਹੋ ਰਹੀ ਸੀ, ਨੂੰ ਸੈਂਸਰ ਬੋਰਡ ਨੇ ਰੋਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਫ਼ਿਲਮ ਇਕ ਕਿਸਾਨ ਦੀ ਜ਼ਿੰਦਗੀ ਦੁਆਲੇ ਘੁੰਮਦੀ ਹੈ। ਫਿਲਮ ਵਿੱਚ ਕਿਸਾਨਾਂ ਦੀ ਜ਼ਿੰਦਗੀ ਦੀਆਂ ਮੁਸ਼ਕਲਾਂ, ਆਪਸੀ ਸਾਂਝ ਅਤੇ ਸ਼ਰੀਕੇਬਾਜ਼ੀ ਤੋਂ ਇਲਾਵਾ ਪਿੰਡਾਂ ਦੀ ਜ਼ਿੰਦਗੀ ਅਤੇ ਖੇਤੀਬਾੜੀ ਜਨ ਜੀਵਨ ਦੀ ਗੱਲ ਕੀਤੀ ਗਈ ਹੈ। ਫਿਲਮ ਵਿੱਚ ਦਿਖਾਇਆ ਗਿਆ ਹੈ ਕਿ ਕਿਸਾਨ ਦੇ ਘਰ ਜਦੋਂ ਜੁਆਕ ਜੰਮਦਾ ਹੈ ਤਾਂ ਉਸਦਾ ਸੰਘਰਸ਼ ਤੇ ਜ਼ੁੰਮੇਵਾਰੀ ਪਹਿਲੇ ਦਿਨ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਇਕ ਪਾਸੇ ਦੇਸ਼ ਵਿੱਚ ਕਿਸਾਨ ਆਪਣੇ ਹੱਕਾਂ ਨੂੰ ਲੈ ਕੇ ਲੰਮੇ ਸਮੇਂ ਤੋਂ ਸੜਕਾਂ ‘ਤੇ ਹਨ ਅਤੇ ਹੁਣ ਦੂਜੇ ਪਾਸੇ ਫਿਲਮਾਂ ਰਿਲੀਜ਼ ਕੀਤੀਆਂ ਜਾ ਰਹੀਆਂ ਹਨ। ਜੋ ਕਿ ਕਲਾ ਅਤੇ ਕਲਾ ਦੇ ਕਦਰਦਾਨਾਂ ਨਾਲ ਸ਼ਰੇਆਮ ਵਧੀਕੀ ਹੈ। ਉਹ ਇਸ ਫ਼ਿਲਮ ‘ਤੇ ਕਰੋੜਾਂ ਰੁਪਏ ਖ਼ਰਚ ਕਰ ਚੁੱਕੇ ਹਨ। ਫ਼ਿਲਮ ਦਾ ਪ੍ਰਚਾਰ ਪਿਛਲੇ ਇਕ ਮਹੀਨੇ ਤੋਂ ਲਗਾਤਾਰ ਜਾਰੀ ਹੈ। ਅਜਿਹੇ ਵਿੱਚ ਸੈਂਸਰ ਬੋਰਡ ਦੀ ਇਸ ਕਾਰਵਾਈ ਨੂੰ ਉਨ੍ਹਾਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਵੇਗਾ। ਫ਼ਿਲਮ ਦੇ ਲੇਖਕ ਅਤੇ ਨਿਰਦੇਸ਼ਕ ਨੇ ਵੀ ਸੈਂਸਰ ਬੋਰਡ ਪ੍ਰਤੀ ਆਪਣਾ ਰੋਸ ਜਾਹਰ ਕਰਦਿਆਂ ਕਿਹਾ ਕਿ ਫ਼ਿਲਮ ਵਿੱਚ ਕੁਝ ਵੀ ਅਜਿਹਾ ਨਹੀਂ ਹੈ ਜਿਸ ਨੂੰ ਲੈ ਕੇ ਫ਼ਿਲਮ ਤੇ ਰੋਕ ਜਾਂ ਬੈਨ ਲਗਾਇਆ ਜਾ ਸਕਦਾ ਹੋਵੇ। ਉਨ੍ਹਾਂ ਨੇ ਇਹ ਫ਼ਿਲਮ ਭਾਰਤੀ ਸੈਂਸਰ ਬੋਰਡ ਦੀਆਂ ਹਦਾਇਤਾਂ ਅਤੇ ਪੰਜਾਬੀ ਦਰਸ਼ਕਾਂ ਨੂੰ ਧਿਆਨ ਵਿੱਚ ਰੱਖਕੇ ਹੀ ਬਣਾਈ ਹੈ। ਇਸ ਦੇ ਬਾਵਜੂਦ ਸੈਂਸਰ ਬੋਰਡ ਵੱਲੋਂ ਫ਼ਿਲਮ ਨੂੰ ਬਿਨਾਂ ਕਿਸੇ ਠੋਸ ਕਾਰਨ ਦੇ ਰੋਕੇ ਜਾਣਾ ਸ਼ਰੇਆਮ ਧੱਕਾ ਹੈ। ਫ਼ਿਲਮ ਵਿੱਚ ਕਿਸਾਨਾਂ ਦੀ ਗੱਲ ਕਰਨਾ ਕੋਈ ਗੁਨਾਹ ਨਹੀਂ ਹੈ ਅਤੇ ਕਿਸਾਨਾਂ ਦੇ ਇਸੇ ਮੁੱਦੇ ਨੂੰ ਦੁਨੀਆ ਸਾਹਮਣੇ ਦਬਾਉਣ ਲਈ ਇਸ ਫਿਲਮ ਨੂੰ ਬੈਨ ਕੀਤਾ ਜਾ ਰਿਹਾ | ਇਸ ਤੋਂ ਇਲਾਵਾ ਇਹ ਗੱਲ ਸਾਫ ਹੁੰਦੀ ਹੈ ਕਿ ਇੰਡਸਟਰੀ ਵਲੋਂ ਸਿੱਧੂ ਮੂਸੇ ਵਾਲੇ ਨੂੰ ਫਿਲਮਾਂ ਤੋਂ ਰੋਕਣ ਦੀ ਪੂਰੀ ਕੋਸ਼ਿਸ਼ ਨਜ਼ਰ ਆਉਂਦੀ ਹੈ |

ਉਹ ਇਸ ਵਧੀਕੀ ਨੂੰ ਲੈ ਕੇ ਉਹ ਆਪਣੀ ਆਵਾਜ਼ ਬੁਲੰਦ ਕਰਨਗੇ। ਫ਼ਿਲਮ ਦੀ ਟੀਮ ਨੇ ਕਿਹਾ ਕਿ ਇਹ ਕਿਸੇ ਵੱਡੀ ਵਧੀਕੀ ਤੋਂ ਘੱਟ ਨਹੀਂ ਹੈ। ਦਰਸ਼ਕ ਅਤੇ ਮੀਡੀਆ ਵੀ ਫ਼ਿਲਮ ਦਾ ਟ੍ਰੇਲਰ ਦੇਖ ਚੁੱਕਾ ਹੈ ਜਿਸ ਤੋਂ ਫ਼ਿਲਮ ਦੀ ਕਹਾਣੀ ਸਬੰਧੀ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਇਸ ਮੌਕੇ ਪਿਛਲੇ ਦੋ ਦਿਨਾਂ ਤੋਂ ਟੀਮ ਨੂੰ ਦੁਨੀਆ ਭਰ ਚੋਂ ਫੈਂਸ ਦੇ ਇਕ ਹਜ਼ਾਰ ਤੋਂ ਉਪਰ ਫੋਨ ਆ ਚੁੱਕੇ ਹਨ | ਇਸ ਦੇ ਬਾਵਜੂਦ ਫਿਲਮ ਨਾਲ ਅਜਿਹਾ ਕਰਨਾ ਕਰੋੜਾਂ ਰੁਪਏ ਦਾ ਨੁਕਸਾਨ ਤਾਂ ਹੈ ਹੀ ਬਲਕਿ ਸੈਂਕੜੇ ਲੋਕਾਂ ਦੀ ਦਿਨ ਰਾਤ ਦੀ ਮਿਹਨਤ ਤੇ ਸ਼ਰੇਆਮ ਡਾਕਾ ਵੀ ਹੈ। ਇਸ ਮੌਕੇ ਫ਼ਿਲਮ ਦੀ ਟੀਮ ਨੇ ਫ਼ਿਲਮ ਨੂੰ ਲੈ ਕੇ ਅਦਾਲਤ ਦਾ ਦਰਵਾਜਾ ਖੜਕਾਉਣ ਦੀ ਵੀ ਗੱਲ ਆਖੀ।

Related posts

17 ਨੂੰ ਹੋਵੇਗਾ ਪੰਜਾਬੀ ਫਿਲਮ ‘ਪੁਆੜਾ’ ਦਾ ਪ੍ਰੀਮੀਅਰ

admin

ਨਿੰਜਾਂ ਨਾਲ ਨਜ਼ਰ ਆਵੇਗੀ ਚੰਡੀਗੜ੍ਹ ਦੀ ‘ਰਵਲੀਨ ਰੂਪ’

admin

‘ਕੈਰੀ ਆਨ ਜੱਟਾ 2’ ਦੇ ਡਾਇਲਾਗ ਪ੍ਰੋਮੋ ‘ਚ ਦਿਖਿਆ ਗੁਰਪ੍ਰੀਤ ਘੁੱਗੀ ਦਾ ਫਨੀ ਅੰਦਾਜ਼

admin