Articles Religion

ਸਿੱਖ ਵਿਦਵਾਨ ਪ੍ਰੋਫ਼ੈਸਰ ਸਾਹਿਬ ਸਿੰਘ !

ਲੇਖਕ: ਸੁਖਵਿੰਦਰ ਸਿੰਘ ਮੁੱਲਾਂਪੁਰ, ਮੈਲਬੌਰਨ

ਜਦ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਸਥਾਪਿਤ ਹੋਇਆ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਗੁਰਦੁਵਾਰਿਆਂ ਦੀ ਸੇਵਾ ਵੱਲ ਧਿਆਨ ਦਿੱਤਾ ਅਤੇ ਗੁਰਦੁਵਾਰਿਆਂ ਦੇ ਨਾਮ ਬਹੁਤ ਜਗੀਰਾਂ ਲਗਵਾ ਦਿੱਤੀਆਂ ਸਨ ਪਰ ਉਸ ਨੇ ਚੰਗੇ ਵਿਦਵਾਨ ਪੈਦਾ ਕਰਨ ਵੱਲ ਕੋਈ ਧਿਆਨ ਨਾ ਦਿੱਤਾ ਇਸ ਕਰਕੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਕਰਨ ਵਾਸਤੇ ਡੇਰਾਵਾਦ ਸਿੱਖ ਕੌਮ ਤੇ ਹਾਵੀ ਹੋਣਾ ਸ਼ੁਰੂ ਹੋ ਗਿਆ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਿੱਖ ਰਾਜ ਤੇ ਡੋਗਰੇ ਹਾਵੀ ਹੋ ਗਏ ਨਾਲ ਹੀ ਉਹ ਸਾਡੇ ਸਿੱਖ ਧਰਮ ਉਪਰ ਹਾਵੀ ਹੋਣੇ ਸ਼ੁਰੂ ਹੋ ਗਏ। ਉਹਨਾਂ ਗੁਰਦੁਵਾਰਿਆਂ ਵਿਚ ਪਹਾੜੀ ਹਿੰਦੂ ਡੋਗਰੇ ਬਿਠਾਲ ਦਿੱਤੇ ਜਿੰਨਾ ਨੂੰ ਮਹੰਤ (ਮਸੰਦਾ) ਦਾ ਨਾਮ ਦਿੱਤਾ ਗਿਆ ਫਿਰ ਇਹਨਾਂ ਤੋਂ ਗੁਰਦੁਵਾਰੇ ਆਜ਼ਾਦ ਕਰਵਾਉਣ ਲਈ ਗੁਰਦੁਵਾਰਾ ਅਜ਼ਾਦ ਲਹਿਰ ਚੱਲੀ। ਸਿੱਖਾ ਨੂੰ ਆਪਣੇ ਸਰੀਰਾਂ ਤੇ ਬੇਹੱਦ  ਤਸ਼ੱਦਦ ਝੱਲਣਾ ਪਿਆ ਅਤੇ ਬਹੁਤ ਗਿਣਤੀ ਵਿਚ ਸਿੱਖਾਂ ਨੂੰ ਸ਼ਹੀਦੀਆਂ ਪ੍ਰਾਪਤ ਕਰਨੀਆਂ ਪਈਆਂ। ਇਤਨੀਆਂ ਕੁਰਬਾਨੀਆਂ ਝੱਲ ਕੇ 1920 ਵਿਚ ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਆਈ ਨਾਲ ਹੀ ਸਿੱਖ ਕੋਮ ਵਿਚ ਚੰਗੇ ਵਿਦਵਾਨ ਪੈਦਾ ਹੋਣ ਲੱਗੇ। ਇਹਨਾਂ ਵਿਦਵਾਨਾਂ ਵਿਚ ਇਕ ਵਿਦਵਾਨ ਪ੍ਰੋ. ਸਾਹਿਬ ਸਿੰਘ ਹੋਏ ਹਨ ਜਿੰਨਾ ਨੇ ਗੁਰਬਾਣੀ ਦਾ ਟੀਕਾ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਵਿਆਕਰਨ ਦੇ ਅਧਾਰ ‘ਤੇ ਕੀਤਾ। ਇਹ ਟੀਕਾ ਉਸ ਟਾਈਮ ਤਿਆਰ ਕੀਤਾ ਜਦ ਗੁਰਬਾਣੀ ਦੇ ਅਰਥਾਂ ਦਾ ਬਹੁਤਾ ਗਿਆਨ ਨਹੀਂ ਹੁੰਦਾ ਸੀ।

ਇਸ ਵਿਦਵਾਨ ਪ੍ਰੋ.ਸਾਹਿਬ ਸਿੰਘ ਦਾ ਜਨਮ ਭਾਈ ਹੀਰਾ ਚੰਦ ਜੀ ਦੇ ਘਰ ਮਾਤਾ ਨਿਹਾਲ ਦੇਵੀ  ਦੀ ਕੁਖੋਂ 16 ਫ਼ਰਵਰੀ 1892 ਨੂੰ ਫੱਤੇਵਾਲ ਤਹਿਸੀਲ ਪਸਰੂਰ ਜਿਲ੍ਹਾ ਸਿਆਲਕੋਟ (ਪਾਕਿਸਤਾਨ) ਵਿਚ ਹੋਇਆ। ਪਿਤਾ ਨੇ ਇਹਨਾਂ ਦਾ ਨਾਮ ਨੱਥੂ ਰਾਮ ਰੱਖਿਆ ਇਹਨਾਂ ਦਾ ਪਿਤਾ ਪਿੰਡ ਵਿਚ ਹੀ ਇਕ ਛੋਟੀ ਜਿਹੀ ਦੁਕਾਨ ਚਲਾਉਂਦਾ ਸੀ ਕੁਝ ਸਮੇਂ ਬਾਅਦ ਇਹ ਪਰੀਵਾਰ ਪਿੰਡ ਤੋਂ ਸੱਤ ਕੁ ਕਿਲੋਮੀਟਰ ਦੂਰ ਥਰਪਾਲ ਪਿੰਡ ਜਾ ਵਸਿਆ। ਸਾਢੇ ਚਾਰ ਸਾਲ ਦੀ ਉਮਰ ਵਿਚ ਨੱਥੂ ਰਾਮ ਨੂੰ ਪਿੰਡ ਦੇ ਹੀ ਇਕ ਮੌਲਵੀ ਹਯਾਤ ਸ਼ਾਹ ਕੋਲ ਪੜ੍ਹਨ ਲਾ ਦਿੱਤਾ। ਹਯਾਤ ਸ਼ਾਹ ਇਕ ਪ੍ਰਸਿੱਧ ਕਵੀ ਹਾਸ਼ਮ ਸ਼ਾਹ ਦਾ ਪੁੱਤਰ ਸੀ ਜੋ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿਚ ਕਵੀ ਰਿਹਾ ਸੀ। ਫਿਰ ਇਹਨਾਂ ਨੂੰ ਰਈਏ ਦੇ ਪ੍ਰਾਇਮਰੀ ਸਕੂਲ ਵਿਚ ਪੜ੍ਹਨ ਲਾ ਦਿੱਤਾ। 1902 ਵਿਚ ਇਹਨਾਂ ਪੰਜਵੀ ਜਮਾਤ ਪਾਸ ਕੀਤੀ ਅੱਠਵੀ ਜਮਾਤ ਫਤਿਹਗ੍ਹੜ ਤੋਂ ਪਾਸ ਕਰਕੇ ਵਜੀਫ਼ਾ ਪ੍ਰਾਪਤ ਕੀਤਾ। ਅੱਠਵੀ ਜਮਾਤ ਪਾਸ ਕਰਨ ਤੋਂ ਬਾਆਦ ਇਹਨਾਂ ਦਾ ਵਿਆਹ 25 ਜਨਵਰੀ 1905 ਨੂੰ ਦੁਰਗਾ ਦੇਵੀ ਨਾਲ ਕਰ ਦਿੱਤਾ ਗਿਆ। 20 ਜੁਲਾਈ 1907 ਨੂੰ ਇਹਨਾਂ ਦੇ ਪਿਤਾ ਦੀ ਮੋਤ ਹੋ ਗਈ।ਇਹਨਾਂ ਪਸਰੂਰ ਦੇ ਹਾਈ ਸਕੂਲ ਵਿਚ ਨੌਵੀ ਜਮਾਤ ਚ’ ਦਾਖ਼ਲ ਹੋ ਕੇ ਸੰਸਕ੍ਰਿਤ ਪੜ੍ਹਨੀ ਸ਼ੁਰੂ ਕਰ ਦਿੱਤੀ ਇੱਥੋਂ ਉਹ ਦਸ ਜਮਾਤਾਂ ਪਾਸ ਕਰ ਗਏ ਇੱਥੇ ਹੀ ਉਹਨਾਂ ਨੇ 1906 ਵਿਚ ਸਿੱਖ ਬਣਨ ਦਾ ਫ਼ੈਸਲਾ ਕੀਤਾ ਅਤੇ ਸਿੱਖ ਰਹਿਤਾ ਨੂੰ ਅਪਣਾਉਂਦੇ ਹੋਏ ਸਿੱਖ ਧਰਮ ਵਿਚ ਪ੍ਰਵੇਸ਼ ਕਰ ਗਏ। ਆਪਣਾਂ ਨਾਮ ਨੱਥੂ ਰਾਮ ਤੋਂ ਬਦਲ ਕੇ ਸਾਹਿਬ ਸਿੰਘ ਰੱਖ ਲਿਆ।
ਪੰਦਰਾਂ ਸਾਲ ਦੀ ਉਮਰ ਵਿਚ ਇਹਨਾਂ ਦੇ ਪਿਤਾ ਸੁਰਗਵਾਸ ਹੋ ਗਏ। ਉਹਨਾਂ ਦੀ ਮੌਤ ਤੋਂ ਬਾਅਦ ਕੁਝ ਸਮਾਂ ਆਧਿਆਪਕ ਲੱਗੇ ਰਹੇ ਫਿਰ ਕੁਝ ਸਮਾਂ ਡਾਕਖਾਨੇ ਵਿਚ ਕਲਰਕ ਲੱਗਣ ਤੋਂ ਬਾਅਦ ਫਿਰ ਪੜ੍ਹਨ ਲੱਗ ਗਏ।1913 ਵਿਚ ਦਿਆਲ ਸਿੰਘ ਕਾਲਜ ਤੋਂ ਐਫ਼ ਏ ਅਤੇ 1915 ਵਿਚ ਗੌਰਮਿੰਟ ਕਾਲਜ ਲਾਹੌਰ ਤੋਂ ਬੀ ਏੇ ਪਾਸ ਕੀਤੀ। 1917 ਵਿਚ ਖ਼ਾਲਸਾ ਕਾਲਜ ਗੁਜਰਾਂਵਾਲਾ ਵਿਖੇ ਫ਼ੈਕਲਟੀ ਵਿਚ ਸੰਸਕ੍ਰਿਰਤ ਦੇ ਲੈਕਚਰਾਰ ਵਜੋਂ ਪੜਾਉਣ ਲੱਗ ਗਏ ਉਹਨਾਂ ਦੀ ਪਛਾਣ ਪ੍ਰੋਫ਼ੈਸਰ ਵਜੋਂ ਸ਼ੁਰੂ ਹੋ ਗਈ।
ਇਹਨਾਂ ਨੇ 1920 ਵਿਚ ਗੁਰਦੁਵਾਰਾ ਸੁਧਾਰ ਲਹਿਰ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ।20 ਜੁਲਾਈ 1921 ਵਿਚ ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਦੇ ਮੀਤ ਸਕੱਤਰ ਚੁਣੇ ਗਏ। 1922 ਵਿਚ ਗੁਰੂ ਕੇ ਬਾਗ਼ ਦੇ ਮੋਰਚੇ ਵਿਚ ਸ਼ਾਮਲ ਹੋਏ 1924 ਦੇ ਜੈਤੋ ਦੇ ਮੋਰਚੇ ਵਿਚ  ਸ਼ਾਮਲ ਹੋ ਕੇ ਜੇਲ ਗਏ।1929 ਵਿਚ ਆਪ ਖ਼ਾਲਸਾ ਕਾਲਜ ਅਮ੍ਰਿਤਸਰ ਵਿਚ ਸਿੱਖ ਧਰਮ ਦੇ ਲੈਕਚਰਾਰ ਬਣ ਗਏ। ਇਥੇ ਤੇਈ ਸਾਲ ਨੌਕਰੀ ਕਰਨ ਤੋਂ ਬਾਅਦ1952 ਵਿਚ ਸੇਵਾ ਮੁਕਤ ਹੋ ਗਏ। ਇਸ ਤੋਂ ਬਾਅਦ ਉਹ ਸ਼ਹੀਦ ਸਿੱਖ ਮਸ਼ੀਨਰੀ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਬਣ ਗਏ ਫਿਰ ਗੁਰਮਤਿ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਰਹੇ।
ਪ੍ਰੋ. ਸਾਹਿਬ ਸਿੰਘ ਨੇ ਲਗਭਗ ਚਾਲੀ ਦੇ ਕਰੀਬ ਕਿਤਾਬਾਂ ਲਿਖੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ (ਦਸ ਜਿਲਦਾਂ) ਵਿਚ, ਦਸ ਗੁਰੂ ਸਹਿਬਾਨ ਦੇ ਜੀਵਨ ਕਾਲ ਨਾਲ ਸਬੰਧਤ ਦਸ ਕਿਤਾਬਾਂ, ਭਗਤ ਬਾਣੀ ਸਟੀਕ, ਨਿਤਨੇਮ ਸਟੀਕ, ਆਸਾ ਦੀ ਵਾਰ ਸਟੀਕ, ਭਗਤਾਂ ਦੇ ਸਵੱਈਏ ਸਟੀਕ, ਗੁਰਮਤ ਪ੍ਰਕਾਸ਼, ਮੇਰੀ ਸਵੇ ਜੀਵਨੀ ਆਦਿ ਕਿਤਾਬਾਂ ਲਿਖੀਆਂ। ਪੰਜਾਬੀ ਯੁਨੀਵਰਸਿਟੀ ਪਟਿਆਲਾ ਨੇ ਉਹਨਾਂ ਨੂੰ 1971 ਵਿਚ ਡਾਕਟਰ ਆਫ਼ ਲਿਟਰੇਚਰ ਦੀ ਡਿਗਰੀ ਪ੍ਰਦਾਨ ਕੀਤੀ।
 ਪ੍ਰੋ. ਸਾਹਿਬ ਸਿੰਘ ਦੇ ਜਿੰਦਗੀ ਦੇ ਪਿਛਲੇ ਪੰਜ ਸਾਲਾਂ ਦਾ ਸਮਾਂ ਬਹੁਤ ਦੁੱਖਦਾਈ ਲੰਘਿਆ ਇਹ ਚੱਲ ਫਿਰ ਨਹੀਂ ਸਕਦੇ ਸਨ ਹੌਲੀ ਹੌਲੀ ਬੋਲਣ ਸ਼ਕਤੀ, ਸੁਣਨ ਸਕਤੀ, ਨਿਘਾ ਅਤੇ ਦਿਮਾਗੀ ਸ਼ਕਤੀ ਜਵਾਬ ਦੇ ਗਏ। ਇਹ ਇਸ ਦੁਨੀਆਂ ਤੋਂ 29 ਅਕਤੂਬਰ 1977 ਨੂੰ ਸਰੀਰਕ ਤੌਰ ‘ਤੇ ਚਲੇ ਗਏ ਸਨ ਪਰ ਲਿਖਤਾਂ ਕਰਕੇ ਸਦਾ ਲਈ ਆਪਣਾ ਨਾਮ ਦੁਨੀਆਂ ‘ਤੇ ਛੱਡ ਗਏ।

Related posts

ਅਖ਼ਬਾਰ ਅੱਜ ਵੀ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ

admin

ਆਂਵਲਾ ਕਰਦਾ ਹੈ ਬਿਮਾਰੀਆਂ ਦੂਰ

admin

ਭਾਈ ਮਰਦਾਨਾ ਜੀ: ਗੁਰੂ ਨਾਨਕ ਦੇਵ ਜੀ ਦਾ ਸੱਚਾ ਸਾਥੀ

admin