Articles

ਗੰਭੀਰ ਮੋੜ ਲੈ ਰਿਹਾ ਅਮਰੀਕਾ ਵਲੋਂ ਅਫਗਾਨਿਸਤਾਨ ਤੇ ਪਾਕਿਸਤਾਨ ਸਿਰ ਦਹਿਸ਼ਤਗਰਦਾਂ ਦੀ ਪੁਸ਼ਤ ਪਨਾਹੀ ਦਾ ਦੋਸ਼ !

ਲੇਖਕ: ਕੁਲਵੰਤ ਸਿੰਘ ਢੇਸੀ, ਯੂ ਕੇ

“ਅਗਰ ਕਿਸ਼ਤੀ ਹੋ ਤੂਫਾਂ ਮੇਂ, ਤੋ ਕਾਮ ਆਤੀ ਹੈਂ ਤਦਬੀਰੇਂ,

ਮਗਰ ਕਿਸ਼ਤੀ ਮੇਂ ਤੂਫਾਂ ਹੋ ਤੋ ਮਿਟ ਜਾਤੀ ਹੈਂ ਤਕਦੀਰੇਂ “

9/11 ਨੂੰ ਅਮਰੀਕੀ ਟਾਵਰਾਂ ਤੇ ਤਾਲਿਬਾਨੀ ਹਮਲੇ ਮਗਰੋਂ ਲਗਾਤਾਰ ਅਮਰੀਕਾ ਅਫਗਾਨਿਸਤਾਨ ਅਤੇ ਪਾਕਿਸਤਾਨ ਸਿਰ ਦਹਿਸ਼ਤਗਰਦਾਂ ਦੀ ਪੁਸ਼ਤ ਪਨਾਹੀ ਦਾ ਦੋਸ਼ ਮੜ੍ਹਦਾ ਆ ਰਿਹਾ ਹੈ ਪਰ ਹੁਣ ਇਹ ਦੋਸ਼ ਹੋਰ ਵੀ ਗੰਭੀਰ ਮੋੜ ਲੈ ਰਿਹਾ ਜਾਪਦਾ ਹੈ। ਦਹਿਸ਼ਤਗਰ ਦਾ ਸੇਕ ਜਿਥੇ ਅਮਰੀਕਾ ਨੂੰ ਲੱਗਿਆ ਉਥੇ ਇਸ ਦਾ ਸ਼ਿਕਾਰ ਇਸ ਖਿੱਤੇ ਵਿਰ ਰਹਿੰਦੀਆਂ ਘੱਟ ਗਿਣਤੀਆਂ ਵੀ ਹੋਈਆਂ। ਅਫਗਾਨਿਸਤਾਨ ਵਿਚ ਤਾਲਿਬਾਨਾ ਦਾ ਕਬਜਾ ਹੋਣ ਮਗਰੋਂ ਜਿਥੇ ਘੱਟ ਗਿਣਤੀ ਸਿੱਖ ਅਤੇ ਹਿੰਦੂ ਦੇਸ਼ ਨੂੰ ਛੱਡ ਕੇ ਜਾਣ ਲਈ ਮਜ਼ਬੂਰ ਹੁੰਦੇ ਗਏ। ਹੁਣੇ ਹੁਣੇ ਕਾਬਲ ਦੇ ਗੁਰਦੁਆਰਾ ਕਰਤੇ ਪ੍ਰਵਾਨ ਵਿਚ ਤਾਲਿਬਾਨਾ ਨੇ ਦਾਖਲ ਹੋ ਕੇ ਪਹਿਰੇ ‘ਤੇ ਖੜ੍ਹੇ ਦੋ ਮੁਸਲਮਾਨਾਂ ਦੇ ਹੱਥ ਪੈਰ ਬੰਨ੍ਹ ਕੇ ਸੀਸੀਟੀਵੀ ਕੈਮਰਿਆਂ ਦੀ ਭੰਨ ਤੋੜ ਕੀਤੀ। ਇੱਕ ਖਬਰ ਹੋਰ ਵੀ ਆਈ ਹੈ ਕਿ ਹੁਣ ਅਫਗਾਨੀ ਸਿੱਖਾਂ ਦੇ ਘਰਾਂ ‘ਤੇ ਤਾਲਿਬਾਨਾ ਨੇ ਨਿਸ਼ਾਨ ਲਾਏ ਹਨ ਅਤੇ ਉਹਨਾ ਨੂੰ ਦੇਸ਼ ਛੱਡ ਜਾਣ ਦੀਆਂ ਚਿਤਾਵਨੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਵੇਲੇ ਦੁਨੀਆਂ ਸਕਤੇ ਵਿਚ ਹੈ ਕਿ ਪਿਛਲੇ ਵੀਹ ਸਾਲਾਂ ਦੇ ਅਫਗਾਨਿਸਾਨ ‘ਤੇ ਅਮਰੀਕੀ ਕਬਜੇ ਨੇ ਜਿਸ ਅਫਗਾਨਿਸਤਾਨੀ ਸਰਕਾਰ ਨੂੰ ਸਥਾਪਤ ਕੀਤਾ ਸੀ ਉਸ ਨੂੰ ਤਾਲਿਬਾਨਾ ਨੇ ਦਿਨਾ ਵਿਚ ਹੀ ਕਿਵੇਂ ਉਖੇੜ ਦਿੱਤਾ।

ਅਫਗਾਨਿਸਤਾਨ ਦੇ ਮੌਜੂਦਾ ਹਾਲਤਾਂ ਬਾਰੇ ਹੁਣੇ ਹੁਣੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ‘ਮਿਡਲਈਸਟ ਆਈ’ ਨੂੰ ਦਿੱਤੀ ਇੰਟਵਿਊ ਵਿਚ ਕਿਹਾ ਹੈ ਕਿ ਅਮਰੀਕਾ ਆਪਣੇ ਆਪ ਨੂੰ ਕਾਬੂ ਵਿੱਚ ਰੱਖੇ ਅਤੇ ਅਫਗਾਨਿਸਤਾਨ ਨੂੰ ਤਤਕਾਲ ਲੋੜੀਂਦੀ ਜਨਤਕ ਮੱਦਤ ਭੇਜੇ ਵਰਨਾ ਅਫਗਾਨਿਸਤਾਨ ਵਿਚ ਅਰਾਜਕਤਾ ਫੈਲ ਜਾਏਗੀ ਅਤੇ ਦੇਸ਼ ਦਾ ਪਤਨ ਹੋ ਜਾਏਗਾ ਅਤੇ ਫਿਰ ਇਹ ਦਹਿਸ਼ਤਗਰਦਾਂ ਦਾ ਗੜ੍ਹ ਬਣ ਜਾਏਗਾ। ਇਸ ਵੇਲੇ ਦੇਸ਼ ਦੀ 95% ਵਸੋਂ ਗਰੀਬੀ ਰੇਖਾ ਤੋਂ ਹੇਠਾਂ ਦਾ ਜੀਵਨ ਬਤੀਤ ਕਰ ਰਹੀ ਹੈ। ਜੇਕਰ ਹੁਣ ਅਮਰੀਕਾ ਨੂੰ ਉਸ ਦੇ ਆਪਣੇ ਹਾਲ ‘ਤੇ ਛੱਡ ਦਿੱਤਾ ਤਾਂ ਇਹ 1989 ਵਾਲੇ ਹਾਲਾਤ ਮੁੜ ਆ ਜਾਣਗੇ ਜਦੋਂ ਸੋਵੀਅਤ ਯੂਨੀਅਨ ਇਥੋਂ ਨਿਕਲੀ ਤਾ ਦੋ ਲੱਖ ਲੋਕ ਅਫਗਾਨੀ ਮਾਰੇ ਗਏ ਸਨ। ਖਾਨ ਦਾ ਕਹਿਣਾ ਹੈ ਕਿ ਅਫਗਾਨਿਸਤਾਨ ਵਿਚ ਤਾਲਿਬਾਨਾਂ ਦੀ ਅਗਵਾਈ ਵਿਚ ਫਿਲਹਾਲ ਆਰਜੀ ਸਰਕਾਰ ਬਣੀ ਹੈ ਜਦ ਕਿ ਭਵਿੱਖ ਵਿਚ ਸਾਰੀਆਂ ਧਿਰਾਂ ਨੂੰ ਸ਼ਾਮਲ ਕਰਕੇ ਇੱਕ ਸਰਬ ਸਾਂਝੀ ਸਰਕਾਰ ਬਨਾਉਣ ਲਈ ਤਾਲਿਬਾਨਾਂ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਖਾਨ ਨੇ ਕਿਹਾ ਹੈ ਕਿ ਇਸ ਖਿੱਤੇ ਵਿਚ ਇਸਲਾਮਕ ਸਟੇਟ ਦੀ ਦਹਿਸ਼ਤਗਰਦੀ ਦਾ ਮੁਕਾਬਲਾ ਤਾਲਿਬਾਨ ਹੀ ਕਰ ਸਕਦੇ ਹਨ।

ਹੁਣੇ ਹੁਣੇ ‘ਤਨਜ਼ੀਮ ਡੌਟ ਓਰਗ’ ਦੇ ਹਵਾਲੇ ਨਾਲ ਪਾਕਿਸਤਾਨੀ ਅਦੀਬਾਂ ਦੀ ਇਕ ਅਹਿਮ ਗੱਲਬਾਤ ਵੀ ਧਿਆਨ ਵਿਚ ਆਈ ਹੈ ਜਿਸ ਵਿਚ ਅਮਰੀਕਾ ਵਲੋਂ ਤਾਲਿਬਾਨਾਂ ਦੀ ਮੱਦਤ ਕਰਨ ਦੇ ਮੁੱਦੇ ਨੂੰ ਲੈ ਕੇ ਪਕਿਸਤਾਨ ਖਿਲਾਫ ਤਿੱਖੇ ਤੇਵਰਾਂ ਦਾ ਜ਼ਿਕਰ ਹੋਇਆ ਹੈ। ਇਸ ਗੱਲ ਦਾ ਅਗਾਊਂ ਇੰਕਸ਼ਾਫ ਕੀਤਾ ਗਿਆ ਹੈ ਕਿ ਇਸ ਮੁੱਦੇ ‘ਤੇ ਅਮਰੀਕਾ ਪਾਕਿਸਤਾਨ ਖਿਲਾਫ ਆਰਥਿਕ ਅਤੇ ਫੌਜੀ ਬੰਦਸ਼ਾਂ ਲਾ ਕੇ ਉਸ ਦੇ ਨਮਦੇ ਕੱਸ ਸਕਦਾ ਹੈ ਅਤੇ ਜੇਕਰ ਇੰਝ ਹੁੰਦਾ ਹੈ ਤਾਂ ਅਮਰੀਕਾ ਦੀਆਂ ਇਹ ਨੀਤੀਆਂ ਇਸ ਖਿੱਤੇ ਨੂੰ ਭਵਿੱਖ ਵਿਚ ਕਿਵੇਂ ਪ੍ਰਭਾਵਤ ਕਰਨਗੀਆਂ ਅਹਿਮ ਵਿਸ਼ਾ ਹੈ। ਚੇਤੇ ਰਹੇ ਕਿ ਪਾਕਿਸਤਾਨ ਦੇ ਪੇਸ਼ਾਵਰ ਵਿੱਚ ਵੀਰਵਾਰ ਨੂੰ ਕੁਝ ਅਣਪਛਾਤੇ ਬੰਦੂਕਧਾਰੀਆਂ ਨੇ ਇੱਕ ਸਿੱਖ ਹਕੀਮ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਕਤਲ ਸਬੰਧੀ ਵੀ ਇਹ ਪ੍ਰਸ਼ਨ ਉੱਠਦਾ ਹੈ ਕਿ ਇਸ ਖਿੱਤੇ ਵਿਚ ਸਿੱਖਾਂ ਖਿਲਾਫ ਚਲ ਰਹੀ ਹਵਾ ਪਿੱਛੇ ਕੀ ਕਾਰਨ ਹਨ ਤੇ ਇਹ ਅਨਸਰ ਕੌਣ ਹਨ।

‘ਤਨਜ਼ੀਮ ਡੌਟ ਓਰਗ’ ਦੀ  ਗੱਲਬਾਤ ਵਿਚ ਕਿਹਾ ਗਿਆ ਹੈ ਕਿ ਮਨੁੱਖੀ ਇਤਹਾਸ ਤਕੜੀਆਂ ਤਾਕਤਾਂ ਦੀ ਜੋਰ ਅਜਮਾਈ ਦਾ ਇਤਹਾਸ ਹੈ। ਜਦੋਂ ਵੱਡੀਆਂ ਸ਼ਕਤੀਆਂ ਭਿੜਦੀਆਂ ਹਨ ਤਾ ਫਿਰ ਉਸ ਭੇੜ ਵਿਚ ਕਈ ਕੌਮਾਂ ਨੂੰ ਬਲੀ ਦਾ ਬੱਕਰਾ ਬਣਨਾ ਪੈਂਦਾ ਹੈ ਅਤੇ ਇਸ ਟਕਰਾਓ ਵਿਚ ਉਹ ਲਕੱੜੀ ਵਿਚ ਘੁਣ ਵਾਂਗ ਪੀਸੇ ਜਾਂਦੇ ਹਨ। ਅਮਰੀਕਾ ਨੇ ਵੀਹ ਸਾਲ ਦੀ ਲੰਮੀ ਜੱਦੋਜਹਿਦ ਮਗਰੋਂ ਅਫਗਾਨਸਿਤਾਨ ਵਿਚ ਮਾਰ ਖਾਧੀ ਅਤੇ ਹੁਣ ਅਮਰੀਕਾ ਆਪਣੀ ਇਸ ਹਾਰ ਦਾ ਨਜ਼ਲਾ ਪਾਕਿਸਤਾਨ ਸਿਰ ਡੇਗਣ ਦੇ ਅਮਲ ‘ਤੇ ਕੰਮ ਕਰ ਰਿਹਾ ਜਾਪਦਾ ਹੈ। ਇਸ ਸਬੰਧੀ ਹੁਣੇ ਹੁਣੇ 22 ਰਿਪਬਲੀਕਨ ਸੈਨੇਟਰਾਂ ਨੇ ਇੱਕ ਬਿੱਲ ਪਾਰਲੀਮੈਂਟ ਵਿਚ ਪੇਸ਼ ਕੀਤਾ ਹੈ। ਇਸ ਬਿੱਲ ਦਾ ਨਾਮ ਹੈ ‘ਅਫਗਾਨਿਸਤਾਨ ਕਾਊਂਟਰ ਟੈਰੋਰਿਜ਼ ਓਵਰਸਾਈਟ ਐਂਡ ਅਕਾਊਂਟੇਵਿਲਿਟੀ ਐਕਟ’ (Afghanistan counter Terrorism oversight and accountability act) ਸਿਆਸੀ ਪੰਡਤਾਂ ਦਾ ਇਹ ਅੰਦਾਜ਼ਾ ਹੈ ਕਿ ਅਫਗਾਨਿਸਤਾਨ ਵਿਚ ਆਪਣੀ ਹੋਈ ਹਾਰ ਦਾ ਕਾਰਨ ਪਾਕਿਸਤਾਨ ਸਿਰ ਮੜ੍ਹ ਕੇ ਅਮਰੀਕਾ ਹੁਣ ਪਾਕਿਸਤਾਨ ‘ਤੇ ਆਰਥਿਕ ਅਤੇ ਫੌਜੀ ਬੰਦਸ਼ਾਂ ਲਾ ਸਕਦਾ ਹੈ। ਪੈਂਟਾਗੌਨ ਵਿਚ ਹੋ ਰਹੀ ਹਿੱਲ ਜੁੱਲ ਤਾਂ ਪਾਕਿਸਤਾਨ ਦੇ ਨਿਊਕਲਿਆਈ ਅਮਲਾਂ ‘ਤੇ ਵੀ ਵੱਡੇ ਪ੍ਰਸ਼ਨ ਚਿੰਨ੍ਹ ਖੜ੍ਹੇ ਕਰਦੀ ਹੈ। ਇਸ ਦੇ ਨਾਲ ਹੀ ਚੀਨ ਨਾਲ ਫੌਜੀ ਮੁਕਾਬਲੇ ਦੇ ਸਬੰਧ ਵਿਚ ਇੱਕ ਗੰਭੀਰ ਫੌਜੀ ਪੈਂਤੜੇ ਨੂੰ ਮੁਖ ਰੱਖਦਿਆਂ ਅਮਰੀਕਾ ਵਲੋਂ ਕੁਆਡ (Quad) ਤੋਂ ਬਾਅਦ ਔਕਸ (Aukus) ਨਾਮ ਦੀ ਸੰਸਥਾ ਸਥਾਪਤ ਕਰਨਾ ਵੀ ਗੰਭੀਰ ਸੰਕੇਤ ਹੈ। ਔਕਸ ਸਮਝੌਤੇ ਤਹਿਤ ਅਮਰੀਕਾ ਅਤੇ ਯੂ ਕੇ ਰਲ ਕੇ ਅਸਟਰੇਲੀਆ ਨੂੰ ਨਿਊਕਲੀਅਰ ਪਣਡੁੱਬੀ ਬਨਾਉਣ ਵਿਚ ਮੱਦਤ ਕਰ ਰਹੇ ਹਨ। ਇਸ ਤਰਾਂ ਅਸਟਰੇਲੀਆ ਹੁਣ ਦੁਨੀਆਂ ਦਾ ਨਿਊਕਲੀਅਰ ਰਿਐਕਟਰਾਂ ਨਾਲ ਲੈਸ ਪਣਡੁੱਬੀਆਂ ਵਾਲਾ ਸੱਤਵਾਂ ਦੇਸ਼ ਬਣ ਜਾਵੇਗਾ।

ਸਬੰਧਤ ਬਿੱਲ ਨੂੰ ਪੇਸ਼ ਕਰਨ ਵਾਲੇ ਕੰਜ਼ਰਵੇਟਿਵ ਪਾਰਟੀ ਦੇ ਧੜੱਲੇਦਾਰ ਸੈਨੇਟਰ ਹਨ ਜਿਹਨਾ ਵਿਚ ਯਹੂਦੀਆਂ ਦਾ ਬੋਲ ਬਾਲਾ ਵੀ ਹੈ ਜੋ ਕਿ ਅਮਰੀਕਾ ਦੀ ਸਿਆਸਤ ਵਿਚ ਹਮੇਸ਼ਾਂ ਰਿਹਾ ਹੈ। ਇਸ ਬਿੱਲ ਵਿਚ ਜਿਥੇ ਚੀਨ ਅਤੇ ਰੂਸ ਦਾ ਜ਼ਿਕਰ ਹੈ ਉਥੇ ਸੈਕਸ਼ਨ ੨੦੨ ਵਿਚ ਪਾਕਿਸਤਾਨ ਦਾ ਉਚੇਚੇ ਤੌਰ ‘ਤੇ ਜ਼ਿਕਰ ਹੈ। ਇਸ ਸੈਕਸ਼ਨ ਦੇ ਅਹਿਮ ਨੁਕਤੇ ਇਹ ਹਨ-

1. ਸੰਨ 2001 ਤੋਂ ਲਾ ਕੇ 2021 ਤਕ ਪਾਕਸਿਤਾਨ ਨੇ ਅਫਗਾਨਿਸਤਾਨ ਨੂੰ ਜਿਸ ਤਰੀਕੇ ਨਾਲ ਵੀ ਮੱਦਤ ਕੀਤੀ ਉਸ ਦੀ ਸਬੂਤਾਂ ਤਹਿਤ ਪੂਰੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ।

2. 15 ਅਗਸਤ ਨੂੰ ਤਾਲਿਬਾਨੀ ਲਹਿਰ ਦਾ ਪੂਰੇ ਜੋਸ਼ ਨਾਲ ਉੱਠ ਕੇ ਕਾਬਲ ਨੂੰ ਫਤਹਿ ਕਰ ਲੈਣ ਪਿੱਛੇ ਪਾਕਿਸਤਾਨ ਦਾ ਕਿੰਨਾ ਕੁ ਹੱਥ ਸੀ?

3. ਸਮੂਹਕ ਤੌਰ ‘ਤੇ ਅਫਗਾਨਿਸਤਾਨ ਦੇ ਕਿਹਨਾ ਕਿਹਨਾ ਖੇਤਰਾਂ ਵਿਚ ਪਾਕਿਸਤਾਨ ਨੇ ਤਾਲਿਬਾਨ ਦੀ ਮੱਦਤ ਕੀਤੀ ਅਤੇ ਕਿਸ ਰੂਪ ਵਿਚ ਕੀਤੀ ਇਸ ਦੀ ਵੀ ਪੂਰੀ ਪੂਰੀ ਛਾਣਬੀਣ ਹੋਣੀ ਚਾਹੀਦੀ ਹੈ। ਇਹ ਇੱਕ ਲੰਬੀ ਫਹਿਰਸਤ ਹੈ ਜਿਸ ਦੀ ਛਾਣਬੀਣ ਕੀਤੀ ਜਾਣੀ ਹੈ ਅਤੇ ਜੇਕਰ ਪਾਕਿਸਤਾਨ ਦਾ ਹੱਥ ਸਾਬਤ ਹੁੰਦਾ ਹੈ ਤਾਂ ਪਾਕਿਸਤਾਨ ‘ਤੇ ਬੰਦਸ਼ਾਂ ਲਾਈਆਂ ਜਾਣਗੀਆਂ।

ਇਸ ਬਿੱਲ ਵਿਚ ਤਾਲਿਬਾਨਾਂ ‘ਤੇ ਬੰਦਸ਼ਾਂ ਦਾ ਜਿਕਰ ਤਾਂ ਹੈ ਹੀ ਅਤੇ ਇਹ ਵੀ ਕਿਹਾ ਗਿਆ ਹੈ ਕਿ ਯੂ ਐਨ ਵਿਚ ਤਾਲਿਬਾਨ ਨੂੰ ਕੋਈ ਥਾਂ ਨਾ ਦਿੱਤੀ ਜਾਵੇ। ਪਰ ਇਸ ਬਿੱਲ ਵਿਚ ਪਾਕਿਸਤਾਨ ਦੇ ਨਮਦੇ ਕੱਸਣ ਦੇ ਸੰਕੇਤ ਵੀ ਹਨ। ਔਕਸ (Aukus) ਵਲੋਂ ਅਫਗਾਨਿਸਤਾਨ ਵਿਚ ਤਾਲਿਬਾਨਾਂ ਦਾ ਮਕੰਮਲ ਕਬਜਾ ਹੋਣ ਮਗਰੋਂ ਪਾਕਸਿਤਾਨ ਦੇ ਨਿਊਕਲਿਆਈ ਹਥਿਆਰਾਂ ਨੂੰ ਵਿਆਪਕ ਖਤਰੇ ਦੀ ਗੱਲ ਵੀ ਕੀਤੀ ਗਈ ਹੈ ਕਿ ਜੇਕਰ ਤਾਲਿਬਾਨੀ ਦਬਦਬਾ ਇਸ ਖਿੱਤੇ ਵਿਚ ਹੋਰ ਵਧਦਾ ਹੈ ਤਾਂ ਇਸ ਨਾਲ ਕੌਮਾਂਤਰੀ ਸ਼ਾਂਤੀ ਨੂੰ ਗੰਭੀਰ ਖਤਰਾ ਹੋ ਸਕਦਾ ਹੈ। ਇਹਨਾ ਗਤੀਵਿਧੀਆਂ ਤੋਂ ਇੰਝ ਜਾਪਦਾ ਹੈ ਕਿ ਕਲ੍ਹ ਤਕ ਜੋ ਅਮਰੀਕਾ ਵਾਲੋਂ ਪਾਕਿਸਤਾਨ ਖਿਲਾਫ ਤਾਲਿਬਾਨਾਂ ਦੀ ਪਿੱਠ ਠੋਕਣ ਦੇ ਇਲਜਾਮ ਸਨ ਹੁਣ ਉਹਨਾ ਨੂੰ ਸਾਬਤ ਕਰਕੇ ਪਾਕਿਸਤਾਨ ਖਿਲਾਫ ਅਮਲੀ ਤੌਰ ‘ਤੇ ਨੀਤੀਆਂ ਲਾਗੂ ਕਰਨ ਦਾ ਸਮਾਂ ਨੇੜੇ ਆਉਂਦਾ ਵਿਖਾਈ ਦੇ ਰਿਹਾ ਹੈ।

ਇਸ ਟੀਵੀ ਸੰਵਾਦ ਵਿਚ ਇਹ ਵੀ ਕਿਹਾ ਗਿਆ ਹੈ ਕਿ ਅਮਰੀਕਾ ਨੂੰ ਤਾਂ ਸੰਨ 2011 ਵਿਚ ਹੀ ਇਹ ਅਹਿਸਾਸ ਹੋ ਗਿਆ ਸੀ ਕਿ ਅਫਗਾਨਿਸਤਾਨ ਵਿਚ ਤਾਲਿਬਾਨਾਂ ਨਾਲ ਜੰਗ ਜਿੱਤੀ ਨਹੀਂ ਜਾ ਸਕਦੀ ਪਰ ਇਸ ਸਬੰਧ ਵਿਚ ਪਾਕਿਸਤਾਨੀ ਦਖਲ ਅੰਦਾਜ਼ੀ ਜਾਂ ਮੱਦਤ ਇਮਦਾਤ ਨੂੰ ਉਹ ਜਾਣ ਕੇ ਅੱਖ ਪਰੋਖੇ ਕਰ ਰਹੇ ਸਨ ਤਾਂ ਕਿ ਠੀਕ ਸਮਾਂ ਆਉਣ ‘ਤੇ ਹੀ ਇਸ ‘ਤੇ ਨਜ਼ਰਸਾਨੀ ਕੀਤੀ ਜਾਵੇ। ਇਹ ਵੀ ਕਿਹਾ ਗਿਆ ਹੈ ਕਿ ਅੱਜਕਲ ਮਨੁੱਖੀ ਯਾਦਸ਼ਕਤੀ ਮਹਿਜ਼ ਵਕਤੀ ਜਹੀ ਹੋ ਕੇ ਰਹਿ ਗਈ ਹੈ ਅਤੇ ਅਮਰੀਕੀ ਤਕਾਜੇ ਪਾਕਿਸਤਾਨ ਖਿਲਾਫ ਜੋ ਹਵਾ ਪੈਦਾ ਕਰਨ ਦੀ ਕੋਸ਼ਿਸ਼ ਵਿਚ ਹੈ ਉਸ ਲਈ ਠੋਸ ਸਬੂਤਾਂ ਦੀ ਨਹੀਂ ਸਗੋਂ ਗੱਲਾਂ ਨੂੰ ਆਪਣੇ ਹਿਸਾਬ ਨਾਲ ਤਰਤੀਬ ਦੇ ਕੇ ਸਿਰਫ ਢੁੱਕਵਾਂ ਪ੍ਰਾਪੇਗੰਡਾ ਕਰਨ ਨਾਲ ਹੀ ਅਗਲੀ ਰਣਨੀਤੀ ਲਈ ਜ਼ਮੀਨ ਤਿਆਰ ਹੋ ਜਾਂਦੀ ਹੈ।

ਇਸ ਗਲਬਾਤ ਵਿਚ ਪਾਕਿਸਤਾਨ ਪ੍ਰਤੀ ਅਮਰੀਕੀ ਨਜ਼ਰੀਏ ਨੂੰ ਬਹੁਰੂਪੀਏ ਦੇ ਰੂਪ ਵਿਚ ਦੇਖਿਆ ਗਿਆ ਹੈ ਜਦ ਕਿ ਪਾਕਿਸਤਾਨੀ ਸਿਆਸਤਦਾਨਾਂ ਖੁਦਗਰਜ਼ ਅਤੇ ਵਿਕਾਊ ਬਿਰਤੀ ਦੇ ਹਨ। ਇਹ ਵੀ ਕਿਹਾ ਗਿਆ ਕਿ ਸੰਨ 1984 ਤੋਂ ਮਗਰੋਂ ਜਦੋਂ  ਅਮਰੀਕਾ ਦੁਨੀਆਂ ਵਿਚ ਸੁਪਰਪਾਵਰ ਦੇ ਰੂਪ ਵਿਚ ਉਭਰਿਆ ਤਾਂ ਉਸ ਦੇ ਸਾਹਮਣੇ ਪ੍ਰਮੁਖ ਰੂਪ ਵਿਚ ਸੋਵੀਅਤ ਯੂਨੀਅਨ ਵੱਡੀ ਚਣੌਤੀ ਸੀ ਜਿਸ ਨਾਲ ਸਿੱਝਣ ਲਈ ਅਮਰੀਕਾ ਨੇ ਪਾਕਿਸਤਾਨ ਨਾਲ ਵਲ ਦੋਸਤੀ ਵਾਲਾ ਲਹਿਜ਼ਾ ਅਪਣਾਇਆ। ਪਰ ਜਦੋਂ ਰੂਸ ਅਫਗਾਨਿਸਤਾਨ ਵਿਚ ਆ ਕੇ ਬੈਠ ਗਿਆ ਤਾਂ ਅਮਰੀਕਾ ਦੀ ਪਾਕਿਸਤਾਨ ਨਾਲ ਨੇੜਤਾ ਹੋਰ ਵੀ ਪੀਡੀ ਹੋ ਗਈ। ਇਸੇ ਤਰਾਂ ਜਨਰਲ ਮੁਸ਼ੱਰਫ ਦੇ ਦੌਰ ਵਿਚ ਜਦੋਂ ਅਮਰੀਕਾ ਨੇ ਅਫਗਾਨਸਿਤਾਨ ‘ਤੇ ਹਮਲਾ ਕੀਤਾ ਤਾਂ ਉਸ ਨੂੰ ਫੇਰ ਪਾਕਿਸਤਾਨ ਦੀ ਲੋੜ ਪਈ । ਜਦ ਕਿ ਅੱਜ ਦੇ ਅਮਰੀਕੀ ਸਾਮਰਾਜ ਲਈ ਪ੍ਰਮੁਖ ਚਣੌਤੀ ਸੋਵੀਅਤ ਯੂਨੀਅਨ ਨਹੀਂ ਸਗੋਂ ਚੀਨ ਜਾਂ ਇਸਲਾਮੀ ਕੱਟੜਪੰਥੀ ਹਨ। ਜੇਕਰ ਅੱਜ ਪਾਕਿਸਤਾਨ ਆਪਣੀ ਬਿਦੇਸ਼ ਨੀਤੀ ਚੀਨ ਪੱਖੀ ਹੋਣ ਦੀ ਬਜਾਏ ਅਮਰੀਕਾ ਪੱਖੀ ਹੋਣ ਦਾ ਐਲਾਨ ਕਰ ਦੇਵੇ ਤਾਂ ਅਮਰੀਕਾ ਤੇ ਪਾਕਿਸਤਾਨ ਦੀ ਫੇਰ ਗਲਵਕੜੀ ਪੈ ਜਾਵੇਗੀ ਅਤੇ ਫਿਰ ਨਾ ਕੇਵਲ ਤਾਲਿਬਾਨਾਂ ਨੂੰ ਪਾਕਿਸਤਾਨ ਵਲੋਂ ਦਿੱਤੀ ਗਈ ਜਾਂ ਦਿੱਤੀ ਜਾ ਰਹੀ ਮੱਦਤ ਨੂੰ ਦਰ ਕਿਨਾਰ ਕਰ ਦਿੱਤਾ ਜਾਵੇਗਾ ਸਗੋਂ ਮੁੜ ਡਾਲਰਾਂ ਦੇ ਮੋਘੇ ਖੋਹਲ ਦਿੱਤੇ ਜਾਣਗੇ।

ਇਸ ਵੇਲੇ ਪਾਕਸਿਤਾਨੀ ਜਨਤਾ ਦਾ ਮਹਿੰਗਾਈ ਨਾਲ ਤਰਾਹ ਨਿਕਲਿਆ ਹੋਇਆ ਹੈ ਅਤੇ ਦੇਸ਼ ਮਾਲੀ ਸੰਕਟ ਨਾਲ ਜੂਝ ਰਿਹਾ ਹੈ। ਹੁਣ ਅਮਰੀਕਾ ਦੇ ਵਿਗੜੇ ਹੋਏ ਤੇਵਰ ਪਾਕਿਸਤਾਨ ਖਿਲਾਫ ਕੌਮਾਂਤਰੀ ਤੌਰ ‘ਤੇ ਅਜੇਹੀ ਹਵਾ ਪੈਦਾ ਕਰ ਸਕਦੇ ਹਨ ਜਿਦ ਦੇ ਨਤੀਜੇ ਵਜੋਂ ਦੇਸ਼ ਵਿਚ ਗ੍ਰਹਿ ਯੁੱਧ ਛਿੜਨ ਦਾ ਤੌਖਲਾ ਵੀ ਮਹਿਸੂਸ ਕੀਤਾ ਜਾ ਰਿਹਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਅਮਰੀਕੀ ਮੀਡੀਏ ਨੇ ਅਮਰੀਕਾ ਦੇ ਲੋਕਾਂ ਤਕ ਹੁਣ ਨਵੀਂ ਸੁਰ ਵਿਚ ਪਹੁੰਚ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਸ ਮੁਤਾਬਕ ਇਹ ਕਿਹਾ ਜਾਂਦਾ ਹੈ ਕਿ ਅਫਗਾਨਿਸਤਾਨ ਵਿਚ ਅਮਰੀਕਾ ਦੀ ਹਾਰ ਨਹੀਂ ਹੋਈ ਸਗੋਂ ਤਾਲਿਬਾਨਾ ਦੀ ਚੜ੍ਹਤ ਮਗਰ ਪਾਕਿਸਤਾਨ ਹੈ ਜੋ ਕਿ ਪੈਸੇ ਤਾਂ ਅਮਰੀਕਾ ਤੋਂ ਲੈਂਦਾ ਰਿਹਾ ਪਰ ਹਿਮਾਇਤ ਤਾਲਿਬਾਨਾਂ ਦੀ ਕਰਦਾ ਰਿਹਾ ।

ਪਾਕਿਸਤਾਨੀ ਵਿਦਵਾਨ ਤਾਂ ਸੰਨ 2001 ਤੋਂ 2003 ਦੇ ਦਰਮਿਆਨ ਕੋਆਡ ਅਹਿਦ ਤਹਿਤ ਭਾਰਤ, ਜਪਾਨ, ਅਮਰੀਕਾ ਅਤੇ ਅਸਟਰੇਲੀਆ ਦਾ ਅਸਲ ਮਕਸਦ ਵਿਓਪਾਰਕ ਨਾ ਹੋ ਕੇ ਚੀਨ ਦੀ ਘੇਰਾਬੰਦੀ ਨੂੰ ਮੰਨਦੇ ਹਨ। ਇਹ ਉਹ ਸਮਾਂ ਸੀ ਜਦੋਂ ਅਮਰੀਕਾ ਅਫਗਾਨਸਿਤਾਨ ਵਿਚ ਆਇਆ। ਇਹ ਗੱਲ ਬੜੀ ਅਹਿਮ ਹੈ ਕਿ ਜਿਵੇਂ ਇਜ਼ਰਾਈਲ ਦੇ ਹਵਾਲੇ ਨਾਲ ਅਮਰੀਕਾ ਲਈ ਖਾੜੀ ਦੇਸ਼ਾਂ ਵਿਚ ਇਸਲਾਮੀ ਸ਼ਕਤੀਆਂ ਨੂੰ ਵੰਡ ਕੇ ਰੱਖਣਾ ਜਰੁਰੀ ਹੈ ਤਿਵੇਂ ਹੀ ਹੁਣ ਦੱਖਣੀ ਏਸ਼ੀਆ ਵਿਚ ਚੀਨ, ਪਾਕਿਸਤਾਨ ਅਤੇ ਅਫਗਾਨਸਿਤਾਨੀ ਚੜ੍ਹਤ ਨੂੰ ਹਰ ਹਾਲ ਵਿਚ ਠੱਲਣਾਂ ਅਤੇ ਹਰ ਕੀਮਤ ‘ਤੇ ਠੱਲਣਾ ਅਮਰੀਕਾ ਦੀ ਮਜ਼ਬੂਰੀ ਹੈ। ਇਸੇ ਕਰਕੇ ਅਮਰੀਕਾ ਨੇ ਆਪਣੀਆਂ ਸੱਤ ਕਮਾਂਡਾਂ ਵਿਚ ਭਾਰਤੀ ਰਣਨੀਤੀ ਨੂੰ ਧਿਆਨ ਵਿਚ ਰੱਖਦਿਆਂ ਇੱਕ ਕਮਾਂਡ ਦਾ ਨਾਮ ‘ਇੰਡੋ ਪਸਿਫਿਕ’ ਕਮਾਂਡ ਰੱਖਿਆ ਹੈ। ਜਦੋਂ ਭਾਰਤ ਅਫਗਾਨਸਿਤਾਨ ਵਿਚ ਅਮਰੀਕਾ ਦੀਆਂ ਆਸਾਂ ਤੇ ਪੂਰਾ ਨਾ ਉਤਰਿਆ ਅਤੇ ਜਦੋਂ ਭਾਰਤ ਸਰਹੱਦੀ ਤੌਰ ‘ਤੇ ਚੀਨ ਦਾ ਬਣਦਾ ਵਰੋਧ ਨਾ ਕਰ ਸਕਿਆ ਤਾਂ ਹੁਣ ਅਮਰੀਕਾ ਭਾਰਤ ਵਲੋਂ ਬਹੁਤਾ ਆਸਵੰਦ ਨਾ ਹੋਣ ਕਾਰਨ ਉਸ ਨੇ ਚੀਨ ਦਾ ਤਾਇਵਾਨ ‘ਤੇ ਜਤਾਏ ਜਾ ਰਹੇ ਹੱਕ ਨੂੰ ਪ੍ਰਮੁਖ ਮੁੱਦਾ ਬਣਾ ਲਿਆ ਹੈ। ਹੁਣ ਜੋ ਪਣਡੁੱਬੀਆਂ ਨੂੰ ਲੈ ਕੇ ਅਸਟਰੇਲੀਆ ਅਤੇ ਯੂ ਕੇ ਨਾਲ ਸਾਜ ਬਾਜ ਹੋ ਰਹੇ ਹਨ ਇਹ ਦੱਖਣੀ ਚੀਨੀ ਸਮੁੰਦਰ ਦੀ ਲੋੜ ਨੂੰ ਮੁੱਖ ਰੱਖ ਕੇ ਕੀਤਾ ਜਾ ਰਿਹਾ ਹੈ।

ਅਮਰੀਕੀ ਦਹਿਸ਼ਤ ਦੇ ਨਾਲ ਨਾਲ ਇਸ ਵਾਰਤਾਲਾਪ ਵਿਚ ਪਾਕਿਸਤਾਨੀ ਸਿਆਸਤਦਾਨਾਂ ਨੇ ਦੇਸ਼ ਵਿਚ ਇਸਲਾਮ ਦੇ ਨਾਮ ਤੇ ਹੋ ਰਹੀ ਦਹਿਸ਼ਤਗਰਦੀ ਨੂੰ ਮਹਿਸੂਸ ਤਾਂ ਜਰੂਰ ਕੀਤਾ ਪਰ ਉਸ ਦਾ ਕਾਰਨ ਉਹਨਾ ਨੇ ਬਾਹਰਲੀਆਂ ਤਾਕਤਾਂ ਨੂੰ ਮੰਨਿਆਂ ਤੇ ਆਪਣੀ ਗੱਲਬਾਤ ਨੂੰ ਇੱਕ ਸ਼ਿਅਰ ਕਹਿ ਕੇ ਵਿਰਾਮ ਦਿੱਤਾ—

ਖੁਲਾਮੀ ਮੇਂ ਕਾਮ ਆਤੀ ਹੈਂ ਨਾ ਤਦਬੀਰੇਂ, ਨਾ ਤਕਦੀਰੇਂ

ਜੇ  ਹੋ  ਜ਼ੌਕਿ  ਯਕੀਂ  ਪੈਦਾ, ਤੋ  ਕੱਟ ਜਾਤੀ ਹੈਂ ਜੰਜੀਰੇਂ !

Related posts

ਨਵਾਂ ਦਿਨ ਨਵੀਂ ਸ਼ੁਰੂਆਤ 

admin

ਪੰਜਾਬ ਦੀ ਭਾਈਚਾਰਕ ਸਾਂਝ ‘ਚ ਵਿਗਾੜ ਪੈਦਾ ਕਰੇਗੀ ਜਾਤ ਅਧਾਰਤ ਰਾਜਨੀਤੀ

admin

ਦਿਨੋਂ ਦਿਨ ਮਨਫ਼ੀ ਹੋ ਰਿਹਾ ਕਿਰਤ ਸੱਭਿਆਚਾਰ

admin